ਪਰਵਾਸੀ ਮਜ਼ਦੂਰ ਨਾਲ ਲੁੱਟ, ਪੁਲਿਸ ਕਰ ਰਹੀ ਜਾਂਚ
ਬਠਿੰਡਾ ਵਿਚ ਪ੍ਰਵਾਸੀ ਮਜ਼ਦੂਰ ਨਾਲ ਲੁੱਟ, ਪੁਲਿਸ ਜਾਂਚ ਵਿਚ ਜੁਟੀ
Publish Date: Fri, 02 Jan 2026 04:22 PM (IST)
Updated Date: Sat, 03 Jan 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜ਼ਿਲ੍ਹੇ ’ਚ ਇਕ ਪਰਵਾਸੀ ਮਜ਼ਦੂਰ ਨਾਲ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਦੀ ਪਛਾਣ ਯੋਗੇਂਦਰ ਕੁਸ਼ਵਾਹਾ ਵਾਸੀ ਪਿੰਡ ਹਰਦੋਈ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਇਸ ਸਮੇਂ ਬਠਿੰਡਾ ਦੇ ਰਾਮਾਂ ਮੰਡੀ ਖੇਤਰ ਵਿਚ ਇਕ ਨਿੱਜੀ ਕੰਪਨੀ ਵਿਚ ਰਸੋਈਏ ਵਜੋਂ ਕੰਮ ਕਰਦਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਯੋਗੇਂਦਰ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਕਰੀਬ 12 ਵਜੇ ਉਹ ਘਰ ਜਾਣ ਲਈ ਬਠਿੰਡਾ ਬੱਸ ਸਟੈਂਡ ਪਹੁੰਚਿਆ ਸੀ। ਉੱਥੋਂ ਰੇਲਵੇ ਸਟੇਸ਼ਨ ਜਾਣ ਲਈ ਉਸਨੇ ਇਕ ਈ-ਰਿਕਸ਼ਾ ਲਿਆ। ਰਿਕਸ਼ੇ ਵਿਚ ਪਹਿਲਾਂ ਤੋਂ ਹੀ ਇਕ ਹੋਰ ਨੌਜਵਾਨ ਡਰਾਈਵਰ ਦੇ ਨਾਲ ਬੈਠਾ ਹੋਇਆ ਸੀ। ਕੁਝ ਦੂਰ ਜਾਣ ਤੋਂ ਬਾਅਦ ਈ-ਰਿਕਸ਼ਾ ਡਰਾਈਵਰ ਨੇ ਸਟੇਸ਼ਨ ਵੱਲ ਜਾਣ ਵਾਲੀ ਮੁੱਖ ਸੜਕ ਛੱਡ ਕੇ ਰਿਕਸ਼ਾ ਨੂੰ ਹਾਈਵੇਅ ਵੱਲ ਮੋੜ ਲਿਆ ਤੇ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਘੁੰਮਾਉਂਦਾ ਰਿਹਾ ਤਾਂ ਜੋ ਪੀੜਤ ਨੂੰ ਸਹੀ ਦਿਸ਼ਾ ਦਾ ਅੰਦਾਜ਼ਾ ਨਾ ਹੋ ਸਕੇ। ਅੰਤ ’ਚ ਦੋਵੇਂ ਦੋਸ਼ੀ ਉਸਨੂੰ ਇਕ ਸੁੰਨਸਾਨ ਹਾਈਵੇਅ ’ਤੇ ਲੈ ਗਏ। ਉੱਥੇ ਰਿਕਸ਼ਾ ਰੁਕਦੇ ਹੀ ਇਕ ਦੋਸ਼ੀ ਨੇ ਯੋਗੇਂਦਰ ਨੂੰ ਪਿੱਛੋਂ ਫੜ ਲਿਆ, ਜਦਕਿ ਦੂਜੇ ਨੇ ਉਸਦੀ ਗਰਦਨ ’ਤੇ ਚਾਕੂ ਤਾਣ ਦਿੱਤਾ। ਦੋਸ਼ੀਆਂ ਨੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਕੋਲੋਂ 10 ਹਜ਼ਾਰ ਰੁਪਏ ਨਕਦ, ਮੋਬਾਈਲ ਤੇ ਬੱਚਿਆਂ ਲਈ ਖਰੀਦੇ ਨਵੇਂ ਕੱਪੜੇ ਲੁੱਟ ਲਏ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਹਨ।