ਸੰਗਤ ਮੰਡੀ ’ਚ ਸਰਕਾਰੀ ਬੱਸ ਸਰਵਿਸ ਦਾ ਬੇਹੱਦ ਮਾੜਾ ਹਾਲ
ਸੰਗਤ ਮੰਡੀ ਵਿਖੇ ਸਰਕਾਰੀ ਬੱਸ ਸਰਵਿਸ ਦਾ ਬੇਹੱਦ ਮਾੜਾ ਹਾਲ
Publish Date: Thu, 01 Jan 2026 06:54 PM (IST)
Updated Date: Thu, 01 Jan 2026 06:56 PM (IST)

- ਸਵਾਰੀਆਂ ਦੀ ਹੋ ਰਹੀ ਖੱਜਲ-ਖ਼ੁਆਰੀ ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਸਥਾਨਕ ਸ਼ਹਿਰ ਵਿਚ ਸਰਕਾਰੀ ਬੱਸ ਸਰਵਿਸ ਦਾ ਬੇਹੱਦ ਮਾੜਾ ਹਾਲ ਹੈ, ਜਿਸ ਕਾਰਨ ਸਵਾਰੀਆਂ ਦੀ ਖੱਜਲ-ਖ਼ੁਆਰੀ ਹੋ ਰਹੀ ਹੈ। ਸੰਗਤ ਮੰਡੀ ਵਾਸੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੀਆਰਟੀਸੀ ਬਠਿੰਡਾ ਡਿੱਪੂ ਵੱਲੋਂ ਕਾਂਗਰਸ ਸਰਕਾਰ ਸਮੇਂ ਸਿਟੀ ਸਰਵਿਸ ਤਹਿਤ ਵੱਡੀਆਂ ਬੱਸਾਂ ਬਠਿੰਡਾ ਤੋਂ ਸੰਗਤ ਮੰਡੀ ਲਈ ਚਲਾਈਆਂ ਗਈਆਂ ਸਨ ਪਰ ਕੁੱਝ ਅਰਸੇ ਬਾਅਦ ਹੀ ਉਹ ਸਾਂਭ-ਸੰਭਾਲ ਪੱਖੋਂ ਕਬਾੜ ਹੋ ਗਈਆਂ ਅਤੇ ਬੱਸ ਸਰਵਿਸ ਠੱਪ ਹੋ ਗਈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੜ ਪੀਆਰਟੀਸੀ ਬਠਿੰਡਾ ਡਿੱਪੂ ਵੱਲੋਂ ਮਿੰਨੀ ਬੱਸ ਸਰਵਿਸ ਚਾਲੂ ਕਰ ਕੇ ਸੰਗਤ ਮੰਡੀ ਲਈ ਦੋ ਬੱਸਾਂ ਲਗਾਈਆਂ ਗਈਆਂ ਸਨ, ਜੋ ਸੰਗਤ ਮੰਡੀ ਤੋਂ ਬਠਿੰਡਾ ਲਈ ਆਮ ਲੋਕਾਂ ਵਾਸਤੇ ਵਧੀਆ ਸਰਵਿਸ ਸਾਬਿਤ ਹੋ ਰਹੀ ਸੀ, ਪਰ ਕੁੱਝ ਅਰਸਾ ਪਹਿਲਾਂ ਸਿਰਫ਼ ਇਕ ਬੱਸ ਹੀ ਸਵਾਰੀਆਂ ਲਿਜਾ ਰਹੀ ਹੈ। ਇਸ ਦੇ ਡਰਾਈਵਰ ਅਤੇ ਕੰਡਕਟਰ ਆਪਣੀ ਮਨਮਰਜ਼ੀ ਅਨੁਸਾਰ ਹੀ ਬੱਸ ਦੇ ਗੇੜੇ ਹੀ ਲਗਾਉਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਬਠਿੰਡਾ ਤੋਂ ਕਰੀਬ 11 ਵਜੇ ਆਈ ਬੱਸ ਦੇ ਡਰਾਈਵਰ ਅਤੇ ਕੰਡਕਟਰ ਬੈਂਕ ਬਾਜ਼ਾਰ ’ਚ ਪੈਂਦੇ ਕਿਸੇ ਨਿੱਜੀ ਅਹਾਤੇ ’ਚ ਬੱਸ ਖੜ੍ਹੀ ਕਰ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਪਾਸੇ ਚਲੇ ਗਏ ਅਤੇ ਦੁਪਹਿਰ 2 ਵਜੇ ਤੋਂ ਬਾਅਦ ਆ ਕੇ ਬਠਿੰਡਾ ਨੂੰ ਚਲੇ ਗਏ। ਇਸ ਦੌਰਾਨ ਸਿਟੀ ਬੱਸ ਦੇ ਕਈ ਟਾਈਮ ਮਿਸ ਹੋ ਗਏ ਅਤੇ ਸਵਾਰੀਆਂ ਉੱਥੇ ਖੜ੍ਹੀਆਂ ਬੱਸ ਚੱਲਣ ਦਾ ਇੰਤਜ਼ਾਰ ਕਰਦੀਆਂ ਅਖੀਰ ਪ੍ਰਾਈਵੇਟ ਬੱਸਾਂ ਰਾਹੀਂ ਜਾਣ ਲਈ ਮਜ਼ਬੂਰ ਹੋ ਗਈਆਂ। ਸਮਾਜ ਸੇਵੀ ਬਲਵੀਰ ਸਿੰਘ ਬੀਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸਵਾਰੀਆਂ ਦੀ ਖੱਜਲ-ਖ਼ੁਆਰੀ ਲਈ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਬਣਦੀ ਕਾਨੂੰਨੀ ਕੀਤੀ ਜਾਵੇ ਤਾਂ ਜੋ ਸਰਕਾਰੀ ਬੱਸ ਸਰਵਿਸ ਸੁਚਾਰੂ ਰੂਪ ’ਚ ਲੋਕਾਂ ਲਈ ਲਾਹੇਵੰਦ ਹੋ ਸਕੇ।