ਭੱਲਾ ਨੇ ਕੈਲੰਡਰ ਰਾਹੀਂ ਨਗਰ ਸੁਧਾਰ ਟਰੱਸਟ ਦਾ ਰਿਪੋਰਟ ਕਾਰਡ ਕੀਤਾ ਪੇਸ਼
ਭੱਲਾ ਨੇ ਕੈਲੰਡਰ ਰਾਹੀਂ ਨਗਰ ਸੁਧਾਰ ਟਰੱਸਟ ਦਾ ਰਿਪੋਰਟ ਕਾਰਡ ਕੀਤਾ ਪੇਸ਼
Publish Date: Thu, 01 Jan 2026 06:42 PM (IST)
Updated Date: Thu, 01 Jan 2026 06:44 PM (IST)

- ਸ਼ਹਿਰ ਨੂੰ ਵਿਕਾਸ ਦੇ ਨਕਸ਼ੇ ’ਤੇ ਲੈ ਕੇ ਜਾਣਾ ਮੁੱਖ ਮਨੋਰਥ : ਜਤਿੰਦਰ ਭੱਲਾ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਨਵੇਂ ਸਾਲ ਦੇ ਮੌਕੇ ਟਰਸਟ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਜਨਤਾ ਸਾਹਮਣੇ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਨਗਰ ਸੁਧਾਰ ਟਰਸਟ ਦਾ ਨਵਾਂ ਕੈਲੰਡਰ ਵੀ ਜਾਰੀ ਕੀਤਾ, ਜਿਸ ਵਿੱਚ ਟਰਸਟ ਦੇ ਕਾਰਜਕਾਲ ਦੌਰਾਨ ਕੀਤੇ ਗਏ ਮੁੱਖ ਵਿਕਾਸ ਕੰਮਾਂ ਨੂੰ ਦਰਸਾਇਆ ਗਿਆ ਹੈ। ਜਤਿੰਦਰ ਭੱਲਾ ਨੇ ਕਿਹਾ ਕਿ ਕੈਲੰਡਰ ਵਿੱਚ ਸ਼ਾਮਲ ਕੀਤੀਆਂ ਗਈਆਂ ਤਸਵੀਰਾਂ ਨਗਰ ਸੁਧਾਰ ਟਰਸਟ ਵੱਲੋਂ ਸ਼ਹਿਰ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਦੀ ਜਿਉਂਦੀ-ਜਾਗਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਅਕਸਰ ਬਹੁਤੇ ਸਰਕਾਰੀ ਨੁਮਾਇੰਦਿਆਂ ਅਤੇ ਰਾਜਨੀਤਿਕ ਆਗੂਆਂ ਦੇ ਕੰਮ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਹਿ ਜਾਂਦੇ ਹਨ, ਪਰ ਉਨ੍ਹਾਂ ਦੀ ਅਗਵਾਈ ਹੇਠ ਨਗਰ ਸੁਧਾਰ ਟਰਸਟ ਵੱਲੋਂ ਕੀਤੇ ਗਏ ਵਿਕਾਸ ਕੰਮ ਜ਼ਮੀਨੀ ਪੱਧਰ ‘ਤੇ ਸਾਫ਼ ਤੌਰ ‘ਤੇ ਨਜ਼ਰ ਆ ਰਹੇ ਹਨ। ਇਸ ਮੌਕੇ ਚੇਅਰਮੈਨ ਭੱਲਾ ਨੇ ਦੱਸਿਆ ਕਿ ਬਠਿੰਡਾ ਦਾ ਨਗਰ ਸੁਧਾਰ ਟਰਸਟ ਸੂਬੇ ਦਾ ਪਹਿਲਾ ਐਸਾ ਟਰਸਟ ਹੈ, ਜਿਸ ਵੱਲੋਂ ਸਰਕਾਰੀ ਤੌਰ ‘ਤੇ ਪੈਟਰੋਲ ਪੰਪ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੈਟਰੋਲ ਪੰਪ ਇਸ ਸਮੇਂ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ ਟਰਸਟ ਦੀ ਆਮਦਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਟੇਲ ਨਗਰ ਵਿੱਚ ਤਿਆਰ ਕੀਤੀ ਗਈ ਸੈਰਗਾਹ ਅੱਜ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਬਣਾਈ ਗਈ ਇਸ ਸੈਰਗਾਹ ‘ਤੇ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸਵੇਰ ਅਤੇ ਸ਼ਾਮ ਦੀ ਸੈਰ ਲਈ ਆਉਂਦੇ ਹਨ। ਇਹ ਸੈਰਗਾਹ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਨੂੰ ਨਿਖਾਰ ਰਹੀ ਹੈ, ਸਗੋਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਵੀ ਕਰ ਰਹੀ ਹੈ। ਇਸ ਮੌਕੇ ਜਤਿੰਦਰ ਭੱਲਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਬਲੂ ਫੋਕਸ (ਬਲੂ ਫੋਕਸ) ਦਾ ਮੁੱਦਾ ਵੀ ਨਗਰ ਸੁਧਾਰ ਟਰਸਟ ਵੱਲੋਂ ਸਫ਼ਲਤਾਪੂਰਵਕ ਹੱਲ ਕਰ ਲਿਆ ਗਿਆ ਹੈ, ਜਿੱਥੇ ਵਪਾਰਕ ਐਸਸੀਓ (SCO) ਕੱਟੇ ਜਾਣੇ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਗੋਨਿਆਣਾ ਰੋਡ ‘ਤੇ ਸ਼ਹੀਦ ਭਗਤ ਸਿੰਘ ਇਨਕਲਾਬ ਕਲੋਨੀ ਦੀ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ, ਜਿਸ ਲਈ ਲੋਕ 10 ਜਨਵਰੀ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਭੱਲਾ ਨੇ ਅੱਗੇ ਦੱਸਿਆ ਕਿ ਨਵੇਂ ਸਾਲ ਦੌਰਾਨ ਥਰਮਲ ਪਲਾਂਟ ਦੀਆਂ ਝੀਲਾਂ ਦੇ ਨੇੜੇ ਇੱਕ ਅਤਿ ਸੁੰਦਰ ਅਤੇ ਆਧੁਨਿਕ ਸੈਰਗਾਹ ਤਿਆਰ ਕਰਨ ਦੀ ਯੋਜਨਾ ਹੈ। ਇਸ ਪ੍ਰਾਜੈਕਟ ਨਾਲ ਬਠਿੰਡਾ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਨ ਲੱਗਣਗੇ ਅਤੇ ਸ਼ਹਿਰ ਨੂੰ ਇੱਕ ਨਵੀਂ ਪਹਿਚਾਣ ਮਿਲੇਗੀ। ਅੰਤ ਵਿੱਚ ਜਤਿੰਦਰ ਭੱਲਾ ਨੇ ਨਗਰ ਸੁਧਾਰ ਟਰਸਟ ਵੱਲੋਂ ਕੀਤੇ ਗਏ ਹੋਰ ਵਿਕਾਸ ਕੰਮਾਂ ਬਾਰੇ ਵੀ ਪੱਤਰਕਾਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨਗਰ ਸੁਧਾਰ ਟਰਸਟ ਦੇ ਮੁਲਾਜ਼ਮਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਪੂਰੀ ਨਿਸ਼ਠਾ ਨਾਲ ਸ਼ਹਿਰ ਦੇ ਵਿਕਾਸ ਲਈ ਕੰਮ ਕਰਦੇ ਰਹਿਣ। ਉਨ੍ਹਾਂ ਜ਼ਿਲ੍ਹੇ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹਿਣ ਦੀ ਕਾਮਨਾ ਵੀ ਕੀਤੀ।