ਪਿੱਕਅਪ ਗੱਡੀ ’ਚੋਂ ਭਾਰੀ ਮਾਤਰਾਂ ’ਚ ਪਾਬੰਦੀਸ਼ੁਦਾ ਨਦੀਨਾਸ਼ਕ ਦਵਾਈ ਬਰਾਮਦ
ਪਿੱਕਅਪ ਗੱਡੀ ’ਚੋਂ ਭਾਰੀ ਮਾਤਰਾਂ ਵਿਚ ਪਾਬੰਦੀਸ਼ੁਦਾ ਨਦੀਨਾਸ਼ਕ ਦਵਾਈ ਬਰਾਮਦ
Publish Date: Thu, 01 Jan 2026 06:36 PM (IST)
Updated Date: Thu, 01 Jan 2026 06:38 PM (IST)

- ਹਰਿਆਣਾ ਤੋਂ ਲਿਆਂਦੀ ਜਾ ਰਹੀ ਸੀ ਪਾਬੰਦੀਸ਼ੁਦਾ ਦਵਾਈ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵਿਖੇ ਕੁਆਲਿਟੀ ਕੰਟਰੋਲ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਸਮੁੱਚੀ ਟੀਮ ਵੱਲੋਂ ਸਪੈਸ਼ਲ ਚੈਕਿੰਗ ਮੁਹਿੰਮ ਤਹਿਤ ਜ਼ਿਲ੍ਹੇ ਦੇ ਰਾਮਾਂ ਮੰਡੀ, ਨੇੜੇ ਗਾਂਧੀ ਚੌਕ ਵਿਖੇ ਕਾਲਿਆਂਵਾਲੀ (ਹਰਿਆਣਾ) ਤੋਂ ਆ ਰਹੀ ਇਕ ਮਹਿੰਦਰਾ ਪਿੱਕਅੱਪ ਗੱਡੀ ਰੋਕ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਗੱਡੀ ਵਿੱਚੋਂ ਪਾਬੰਦੀਸ਼ੁਦਾ ਨਦੀਨਾਸ਼ਕ ਦਵਾਈ ਭਾਰੀ ਮਾਤਰਾ ਵਿਚ ਬਰਾਮਦ ਕੀਤੀ ਗਈ। ਉਕਤ ਨਦੀਨਨਾਸ਼ਕ ਨੂੰ ਬਰਾਮਦ ਕਰਨ ਉਪਰੰਤ ਟੀਮ ਵੱਲੋਂ ਇੰਨਸੈਕਟੀਸਾਈਡ ਐਕਟ 1968 ਦੇ ਤਹਿਤ ਕਾਰਵਾਈ ਕਰਦੇ ਹੋਏ ਨਮੂਨੇ ਭਰੇ ਗਏ। ਇਸ ਤੋਂ ਬਾਅਦ ਸਬੰਧਤ ਨਦੀਨਨਾਸ਼ਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਐੱਫਆਈਆਰ ਦਰਜ ਕਰਵਾਈ ਗਈ। ਇਸ ਕੀਟਨਾਸ਼ਕ ਦੇ ਸਬੰਧ ਵਿਚ ਇੰਨਸੈਕਟੀਸਾਈਡ ਐਕਟ ਅਤੇ ਰੂਲਜ਼ ਅਨੁਸਾਰ ਬਣਦੀ ਯੋਗ ਕਾਰਵਾਈ ਕੀਤੀ ਜਾ ਰਹੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਨਦੀਨਨਾਸ਼ਕ ਦੀ ਵਰਤੋਂ ਨਾ ਕਰਨ। ਉਨ੍ਹਾਂ ਨਦੀਨਨਾਸ਼ਕ ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਨਦੀਨਨਾਸ਼ਕ ਨਾ ਵੇਚਣ ਨਹੀਂ ਤਾਂ ਵਿਭਾਗ ਵੱਲੋਂ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਚੈਕਿੰਗ ਟੀਮ ਵਿਚ ਡਾ. ਦਵਿੰਦਰ ਸਿੰਘ ਸੰਧੂ, ਸਹਾਇਕ ਪੌਦਾ ਸੁਰੱਖਿਆ ਅਫਸਰ ਬਠਿੰਡਾ ਟੀਮ ਇੰਚਾਰਜ, ਡਾ. ਮਨਦੀਪ ਸਿੰਘ ਏਡੀਓ (ਪੀਪੀ) ਬਠਿੰਡਾ, ਡਾ. ਗੁਰਕੰਵਲ ਸਿੰਘ ਏਡੀਓ.(ਪੀ.ਪੀ) ਤਲਵੰਡੀ ਸਾਬੋ, ਗੁਰਦੀਪ ਸਿੰਘ ਬੇਲਦਾਰ ਬਠਿੰਡਾ ਅਤੇ ਬਲਕੌਰ ਸਿੰਘ ਬੇਲਦਾਰ ਤਲਵੰਡੀ ਸਾਬੋ ਆਦਿ ਸ਼ਾਮਲ ਸਨ।