- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਵੱਲੋਂ ਪਿੰਡ ਦੀ ਔਰਤ ਦੀ ਵੀਡੀਓ ਬਣਾਉਣ ਤੋਂ ਭਖਿਆ ਮਾਮਲਾ

- ਪਿੰਡ ਵਾਸੀਆਂ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ, ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ : ਐੱਸਐੱਚਓ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਪਿੰਡ ਕੁੱਤੀਵਾਲ ਕਲਾਂ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਪਤਨੀ ਵੱਲੋਂ ਪਿੰਡ ਦੀ ਹੀ ਇੱਕ ਔਰਤ ਦੀ ਵੀਡਿਓ ਬਣਾਉਣ ਦੀ ਕੋਸ਼ਿਸ਼ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਗਰਮਾ ਗਿਆ ਹੈ। ਪਿੰਡ ਵਾਸੀਆਂ ਵੱਲੋਂ ਗ੍ਰੰਥੀ ਅਤੇ ਉਸਦੇ ਪਰਿਵਾਰ ਦਾ ਵਿਰੋਧ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤ ਦੇ ਕੇ ਫੈਸਲਾ ਕੀਤਾ ਕਿ ਹੈ ਕਿ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਿੰਡ ਪੱਧਰ ’ਤੇ ਕਮੇਟੀ ਬਣਾ ਕੇ ਚਲਾਉਣਗੇ ਤਾਂ ਜੋ ਗੁਰਦੁਆਰਾ ਸਾਹਿਬ ਵਿਖੇ ਕਿਸੇ ਕਿਸਮ ਦੀ ਮਰਿਆਦਾ ਭੰਗ ਨਾ ਹੋਵੇ। ਪਿੰਡ ਦੇ ਇਜਲਾਸ ਦੌਰਾਨ ਹੋਏ ਫੈਸਲੇ ਉਪਰੰਤ ਗ੍ਰੰਥੀ ਅਤੇ ਉਸਦੇ ਪਰਿਵਾਰਕ ਮੈਂਬਰ ਗੁਰੂ ਘਰ ਛੱਡ ਕੇ ਚਲੇ ਗਏ ਹਨ। ਇਸ ਮੌਕੇ ਪਿੰਡ ਵਾਸੀ ਕ੍ਰਿਸ਼ਨ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਕੋਈ ਇਤਿਹਾਸਕ ਸਬੰਧ ਨਹੀਂ ਹੈ ਅਤੇ ਨਾ ਹੀ ਇਸ ਦੇ ਨਾਮ ਕੋਈ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ’ਤੇ ਸਿੱਧ ਪੁਰਸ਼ ਬਾਬਾ ਦਿਆਲ ਦਾਸ ਜੀ ਨੇ ਭਗਤੀ ਕੀਤੀ ਸੀ ਅਤੇ ਇੱਥੇ ਉਨ੍ਹਾਂ ਦੀ ਸਮਾਧ ਵੀ ਬਣੀ ਹੋਈ ਹੈ। ਇਸ ਉਪਰੰਤ ਪਿੰਡ ਨੇ ਆਪਣੇ ਪੱਧਰ ’ਤੇ ਹੀ ਇੱਥੇ ਹੀ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰ ਲਿਆ। ਪੰਜਾਬ ’ਚ ਚੱਲੇ ਮਾੜੇ ਦੌਰ ਦੌਰਾਨ ਜਦੋਂ ਮਹੰਤ ਦੀ ਮੌਤ ਹੋ ਗਈ ਤਾਂ ਪਿੰਡ ਦੀ ਪੰਚਾਇਤ ਨੇ ਗੁਰਦੁਆਰਾ ਸਾਹਿਬ ਦੀ ਵਾਂਗਡੋਰ ਨਿਹੰਗ ਸਿੰਘਾਂ ਨੂੰ ਦੇ ਦਿੱਤੀ ਤਾਂ ਜੋ ਵਧੀਆ ਪ੍ਰਬੰਧ ਚੱਲ ਸਕੇ। ਉਨ੍ਹਾਂ ਕਿਹਾ ਕਿ ਇਸ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਗ੍ਰੰਥੀਆਂ ਵੱਲੋਂ ਜਿੱਥੇ ਪਿੰਡ ਵਾਸੀਆਂ ਨੂੰ ਬੇਇੱਜ਼ਤ ਕੀਤਾ ਜਾਂਦਾ ਰਿਹਾ, ਉੱਥੇ ਅਨੇਕਾਂ ਗ੍ਰੰਥੀਆਂ ਨੂੰ ਗੁਰੂ ਘਰ ਦੀ ਮਰਿਆਦਾ ਭੰਗ ਕਰਨ ਕਰ ਕੇ ਬਦਲਿਆ ਵੀ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜੋ ਗ੍ਰੰਥੀ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾ ਰਿਹਾ ਹੈ ਉਸ ਦੇ ਨਾਲ ਰਹਿੰਦੀ ਔਰਤ ਪਿੰਡ ਦੀਆਂ ਔਰਤਾਂ ਨਾਲ ਬੁਰਾ ਵਿਵਹਾਰ ਕਰਦੀ ਸੀ। ਬੀਤੇ ਦਿਨ ਉਸਨੇ ਪਿੰਡ ਦੀ ਇੱਕ ਔਰਤ ਨੂੰ ਗਲਤ ਮਨਸ਼ਾ ਦੇ ਚਲਦੇ ਖੁਦ ਹੀ ਗ੍ਰੰਥੀ ਦੇ ਕਮਰੇ 'ਚ ਜਾਣ ਲਈ ਕਿਹਾ ਅਤੇ ਉਸਦੀ ਵੀਡਿਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਔਰਤਾਂ ਅਤੇ ਕੁਝ ਵਿਅਕਤੀਆਂ ਵੱਲੋਂ ਉਸਦਾ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਵੀਡਿਓ ਵਾਲਾ ਮੋਬਾਈਲ ਵੀ ਪ੍ਰਸ਼ਾਸਨ ਨੂੰ ਸੌਂਪਿਆ ਗਿਆ। ਇਸ ਵਿਵਾਦ ਸਮੇਂ ਮੌਕੇ ’ਤੇ ਮੌਜੂਦ ਸੱਤਪਾਲ ਸਿੰਘ ਪ੍ਰਧਾਨ ਭਗਤ ਰਵੀਦਾਸ ਕਮੇਟੀ ਕੁੱਤੀਵਾਲ ਨੇ ਦੱਸਿਆ ਕਿ ਜਦੋਂ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਖੇ ਰੌਲਾ ਪਿਆ ਤਾਂ ਉਨ੍ਹਾਂ ਵੱਲੋਂ ਗ੍ਰੰਥੀ ਨਾਲ ਹੀ ਗੁਰਦੁਆਰਾ ਸਾਹਿਬ ਵਿਖੇ ਰਹਿੰਦੀ ਔਰਤ ਨੂੰ ਕਿਹਾ ਕਿ ਤੁਸੀਂ ਵੀਡੀਓ ਬਣਾ ਕੇ ਕਿਸੇ ਪਿੰਡ ਦੀ ਧੀ-ਭੈਣ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੇ ਉਸ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ 'ਚ ਫੋਨ ਰਾਹੀਂ ਗੁੱਟ ਵੱਢਣ ਅਤੇ ਧੌਣ ਵੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਸਬੰਧੀ ਆਡੀਓ ਅਤੇ ਦਰਖਾਸਤ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ।
ਇਸ ਸਬੰਧੀ ਪਿੰਡ ਵਾਸੀ ਸੁਖਪਾਲ ਸਿੰਘ ਨੇ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਵਿਚ ਹੁਣ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਬੁੱਢਾ ਦਲ ਨੂੰ ਕਿਸੇ ਵੀ ਕੀਮਤ ’ਤੇ ਇੱਥੇ ਦਾਖਲ ਨਹੀਂ ਹੋਣ ਦੇਣਗੇ। ਇਸ ਮੌਕੇ ਬਲਵੀਰ ਸਿੰਘ ਸਾਬਕਾ ਸਰਪੰਚ, ਨਿੱਕਾ ਸਿੰਘ ਸਰਪੰਚ, ਬਲਕਰਨ ਸਿੰਘ ਸਾਬਕਾ ਸਰਪੰਚ, ਹਰਦੇਵ ਸਿੰਘ ਨੰਬਰਦਾਰ, ਦਰਸ਼ਨ ਸਿੰਘ ਨੰਬਰਦਾਰ, ਚਰਨਜੀਤ ਸਿੰਘ ਨੰਬਰਦਾਰ, ਜਗਰਾਜ ਸਿੰਘ ਨੰਬਰਦਾਰ, ਜਗਜੀਤ ਸਿੰਘ ਨੰਬਰਦਾਰ, ਸਾਬਕਾ ਪੰਚ ਛੋਟਾ ਦੀਨ, ਪੱਪੂ, ਕਾਲਾ, ਜੋਗਿੰਦਰ, ਪਿੰਡ ਡਿੱਖ ਦੇ ਗੁਰਮੀਤ ਸਿੰਘ, ਜੰਟਾ ਸਿੰਘ, ਲੈਂਬਰ ਸਿੰਘ, ਗੁਰਪ੍ਰੀਤ ਸਿੰਘ, ਪਿੰਡ ਥੰਮਣਗੜ੍ਹ ਦੇ ਗੁਰਦੀਪ ਸਿੰਘ, ਜਗਮੇਲ ਸਿੰਘ, ਭੋਲਾ ਸਿੰਘ ਆਦਿ ਅਤੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਕੱਲ੍ਹ ਤੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਵੇਗਾ ਅਤੇ ਇਸ ਮੌਕੇ ਪਿੰਡ ਆਪਣੇ ਪੱਧਰ ’ਤੇ ਹੀ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲੇਗਾ। ਇਸ ਸਬੰਧੀ ਜਦੋਂ ਐੱਸਐੱਚਓ ਮੌੜ ਤਰੁਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਗ੍ਰੰਥੀ ਦੀ ਘਰ ਵਾਲੀ ਵੱਲੋਂ ਹੀ ਪਿੰਡ ਦੀ ਇੱਕ ਔਰਤ ’ਤੇ ਗਲਤ ਇਲਜਾਮ ਲਗਾਇਆ ਗਿਆ ਸੀ, ਜਿਸ ਉਪਰੰਤ ਵਿਵਾਦ ਵਧ ਗਿਆ। ਇਸ ਸਬੰਧੀ ਬੁੱਢਾ ਦਲ ਅਤੇ ਪਿੰਡ ਵਾਸੀਆਂ ਨੂੰ ਕੱਲ੍ਹ ਨੂੰ ਥਾਣਾ ਮੌੜ ਵਿਖੇ ਬੁਲਾਇਆ ਗਿਆ ਹੈ ਤਾਂ ਜੋ ਮਾਮਲੇ ਦਾ ਹੱਲ ਕੀਤਾ ਜਾ ਸਕੇ।