ਸੀਆਈਈਆਰ ਪੋਰਟਲ ਦੀ ਮਦਦ ਨਾਲ ਪੁਲਿਸ ਨੇ 115 ਮੋਬਾਈਲ ਫੋਨ ਕੀਤੇ ਬਰਾਮਦ
ਸੀਆਈਈਆਰ ਪੋਰਟਲ ਦੀ ਮਦਦ ਨਾਲ ਪੁਲਿਸ ਨੇ 115 ਮੋਬਾਈਲ ਫੋਨ ਕੀਤੇ ਬਰਾਮਦ
Publish Date: Thu, 01 Jan 2026 05:53 PM (IST)
Updated Date: Thu, 01 Jan 2026 05:56 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਪੁਲਿਸ ਨੇ ਤਕਨਾਲੋਜੀ ਦੇ ਪ੍ਰਭਾਵਸ਼ਾਲੀ ਇਸਤੇਮਾਲ ਨਾਲ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀਆਈਈਆਰ (ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ) ਪੋਰਟਲ ਦੇ ਜ਼ਰੀਏ ਬਠਿੰਡਾ ਪੁਲਿਸ ਦੇ ਸਾਂਝ ਸਟਾਫ ਨੇ 115 ਗੁੰਮ ਹੋਏ ਮੋਬਾਈਲ ਫੋਨ ਸਫਲਤਾਪੂਰਵਕ ਟਰੇਸ ਕਰ ਕੇ ਬਰਾਮਦ ਕੀਤੇ ਹਨ। ਇਹ ਕਾਰਵਾਈ ਐੱਸਐੱਸਪੀ ਬਠਿੰਡਾ ਦੀ ਅਗਵਾਈ ਹੇਠ ਕੀਤੀ ਗਈ, ਜਿਸ ਤਹਿਤ ਸਾਰੇ ਮੋਬਾਈਲ ਫੋਨ ਅਸਲੀ ਮਾਲਕਾਂ ਨੂੰ ਵਾਪਸ ਦਿੱਤੇ ਗਏ। ਕਈ ਲੋਕਾਂ ਨੇ ਕਿਹਾ ਕਿ ਮੋਬਾਈਲ ਫੋਨ ਸਿਰਫ਼ ਸੰਪਰਕ ਦਾ ਸਾਧਨ ਹੀ ਨਹੀਂ, ਸਗੋਂ ਵਿਅਕਤੀਗਤ ਜਾਣਕਾਰੀ, ਜ਼ਰੂਰੀ ਦਸਤਾਵੇਜ਼, ਬੈਂਕਿੰਗ ਵੇਰਵੇ ਅਤੇ ਯਾਦਾਂ ਨਾਲ ਜੁੜਿਆ ਮਹੱਤਵਪੂਰਣ ਉਪਕਰਨ ਬਣ ਚੁੱਕਾ ਹੈ। ਇਸ ਲਈ ਮੋਬਾਈਲ ਗੁੰਮ ਹੋਣਾ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨ ਦੀ ਬਰਾਮਦੀ ਲਈ ਪੋਰਟਲ ਇਕ ਪ੍ਰਭਾਵਸ਼ਾਲੀ ਡਿਜ਼ੀਟਲ ਸਾਧਨ ਹੈ। ਇਸ ਪੋਰਟਲ ਦੇ ਜ਼ਰੀਏ ਮੋਬਾਈਲ ਦੇ ਨੰਬਰ ਦੇ ਆਧਾਰ 'ਤੇ ਉਸ ਨੂੰ ਟ੍ਰੈਕ ਕੀਤਾ ਜਾਂਦਾ ਹੈ। ਬਠਿੰਡਾ ਪੁਲਿਸ ਨੇ ਇਸ ਤਕਨੀਕ ਦੀ ਵਰਤੋਂ ਕਰਕੇ ਵੱਖ-ਵੱਖ ਖੇਤਰਾਂ ਤੋਂ ਗੁੰਮ ਹੋਏ ਮੋਬਾਈਲ ਫੋਨ ਟ੍ਰੇਸ ਕੀਤੇ ਹਨ। ਐਸਐਸਪੀ ਅਮਨੀਤ ਕੋਂਡਲ ਨੇ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ 'ਤੇ ਹੱਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਤਕਨਾਲੋਜੀ ਦੇ ਸਹਿਯੋਗ ਨਾਲ ਪੁਲਿਸ ਆਪਣੀ ਕਾਰਜਪ੍ਰਣਾਲੀ ਨੂੰ ਹੋਰ ਮਜ਼ਬੂਤ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਸੇਵਾਵਾਂ ਮਿਲ ਸਕਣ। ਉਨ੍ਹਾਂ ਸਾਂਝ ਸਟਾਫ ਦੀ ਕਾਰਜਕੁਸ਼ਲਤਾ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਨੇ ਪੂਰੀ ਲਗਨ ਅਤੇ ਜ਼ਿੰਮੇਵਾਰੀ ਨਾਲ ਇਸ ਕੰਮ ਨੂੰ ਅੰਜਾਮ ਦਿੱਤਾ। ਪੁਲਿਸ ਨੇ ਆਮ ਨਾਗਰਿਕਾਂ ਤੋਂ ਅਪੀਲ ਕੀਤੀ ਹੈ ਕਿ ਜੇ ਕਿਸੇ ਦਾ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਵੇ, ਤਾਂ ਘਬਰਾਉਣ ਦੀ ਲੋੜ ਨਹੀਂ। ਸਭ ਤੋਂ ਪਹਿਲਾਂ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਓ ਅਤੇ ਨਾਲ-ਨਾਲ ਨੇੜਲੇ ਪੁਲਿਸ ਸਟੇਸ਼ਨ ਨੂੰ ਵੀ ਇਸ ਦੀ ਜਾਣਕਾਰੀ ਦਿਓ। ਇਸ ਨਾਲ ਮੋਬਾਈਲ ਨੂੰ ਜਲਦੀ ਬਲਾਕ ਕੀਤਾ ਜਾ ਸਕਦਾ ਹੈ ਅਤੇ ਉਸ ਦੀ ਬਰਾਮਦੀ ਦੀ ਸੰਭਾਵਨਾ ਵਧ ਜਾਂਦੀ ਹੈ। ਬਠਿੰਡਾ ਪੁਲਿਸ ਦੀ ਇਸ ਕਾਰਵਾਈ ਨਾਲ ਨਾ ਸਿਰਫ਼ ਲੋਕਾਂ ਨੂੰ ਰਾਹਤ ਮਿਲੀ ਹੈ, ਬਲਕਿ ਪੁਲਿਸ ਅਤੇ ਜਨਤਾ ਵਿਚਕਾਰ ਭਰੋਸਾ ਵੀ ਹੋਰ ਮਜ਼ਬੂਤ ਹੋਇਆ ਹੈ।