ਸਰਬੱਤ ਦੇ ਭਲੇ ਲਈ ਗੁਰੂ ਕਾਸ਼ੀ ਯੂਨੀਵਰਸਿਟੀ ’ਚ ਕਰਵਾਇਆ ਪਾਠ
ਸਰਬੱਤ ਦੇ ਭਲੇ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ
Publish Date: Thu, 01 Jan 2026 05:34 PM (IST)
Updated Date: Thu, 01 Jan 2026 05:35 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਸਰਬੱਤ ਦੇ ਭਲੇ ਤੇ ਨਵੇਂ ਸਾਲ ਦੀ ਆਮਦ ’ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵਰਸਿਟੀ ਪ੍ਰਬੰਧਕਾਂ, ਫੈਕਲਟੀ ਮੈਂਬਰਾਂ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਸਭਨਾਂ ਦੇ ਚੜ੍ਹਦੀ ਕਲਾ ਵਿਚ ਰਹਿਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਵਿੰਦਰ ਸਿੰਘ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਪਾਠ ਅਤੇ ਰਸਭਿੰਨਾਂ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ, ਡੀਨ, ਫੈਕਲਟੀ ਮੈਂਬਰ, ਸਟਾਫ ਅਤੇ ਵਿਦਿਆਰਥੀਆਂ ਨੇ ਗੁਰੂ ਚਰਨਾਂ ਵਿਚ ਸਿਜਦਾ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਤਮਿਕ ਖੁਸ਼ੀਆਂ ਪ੍ਰਾਪਤ ਕੀਤੀਆਂ। ਪ੍ਰੋ. ਵਾਈਸ ਚਾਂਸਲਰ ਪ੍ਰੋ. ਡਾ. ਪੀਯੂਸ਼ ਵਰਮਾ ਵੱਲੋਂ ਸਭਨਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਅਤੇ ਫੈਕਲਟੀ ਮੈਂਬਰਾਂ ਨੂੰ ਵਿੱਦਿਆ ਦਾ ਪ੍ਰਕਾਸ਼ ਘਰ-ਘਰ ਵਿਚ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵਰਸਿਟੀ ਵੱਲੋਂ ਫੈਕਲਟੀ ਮੈਂਬਰਾਂ, ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇ ਵਾਅਦੇ ਨੂੰ ਦੁਹਰਾਇਆ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ, ਡਾਇਰੈਕਟਰ ਅਡਮਿਸ਼ਨ ਵੱਲੋਂ ਸਭਨਾਂ ਦੇ ਭਲੇ ਦੀ ਕਾਮਨਾ ਕਰਦੇ ਹੋਏ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਮੱਲ੍ਹਾਂ ਮਾਰਨ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ। ਡਾ. ਗੁਰਜੀਤ ਸਿੰਘ ਖਾਲਸਾ ਮੁੱਖੀ ਧਰਮ ਅਧਿਐਨ ਵਿਭਾਗ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਬਖ਼ਸ਼ਿਸ਼ ਕੀਤਾ ਸਿਰਪਾਓ ਵਰਸਿਟੀ ਅਧਿਕਾਰੀਆਂ ਨੂੰ ਭੇਂਟ ਕੀਤਾ। ਉਨ੍ਹਾਂ ਵਰਸਿਟੀ ਦਾ ਇਤਿਹਾਸ ਦੱਸਦੇ ਹੋਏ ਵਰਸਿਟੀ ਪ੍ਰਬੰਧਕਾਂ ਵੱਲੋਂ ਇਲਾਕੇ ਵਿਚ ਵਿੱਦਿਆ ਦੇ ਹਨੇਰੇ ਨੂੰ ਦੂਰ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਵਰਸਿਟੀ ਪ੍ਰਬੰਧਕਾਂ ਵੱਲੋਂ ਰਾਗੀ ਸਿੰਘਾਂ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ। ਭੋਗ ਉਪਰੰਤ ਐਡਮਿਸ਼ਨ ਸੈੱਲ ਦੇ ਅਧਿਕਾਰੀਆਂ ਵੱਲੋਂ ਚਾਹ-ਪਕੌੜਿਆਂ ਦਾ ਲੰਗਰ ਵਰਤਾਇਆ ਗਿਆ।