ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ
ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ
Publish Date: Thu, 01 Jan 2026 05:32 PM (IST)
Updated Date: Thu, 01 Jan 2026 05:35 PM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ : ਸੰਯੁਕਤ ਕਿਸਾਨ ਮੋਰਚਾ ਭਾਰਤ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਮੌੜ ਬਲਾਕ ਵਿਚ ਸੰਯੁਕਤ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਠੇਕਾ ਕਾਮੇ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮਾਰਚ ਰਾਹੀਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਕਿਰਤੀ ਵਰਗ ’ਤੇ ਕੀਤੀਆਂ ਜਾ ਰਹੀਆਂ ਕਾਨੂੰਨੀ ਸੋਧਾਂ ਦੇ ਵਿਰੋਧ ਵਿਚ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਮਾਰਚ ਦੌਰਾਨ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ 2025, ਮਨਰੇਗਾ ਕਾਨੂੰਨ ਵਿਚ ਤਬਦੀਲੀਆਂ, ਚਾਰ ਲੇਬਰ ਕੋਡ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਦੀ ਵਿਕਰੀ ਦੇ ਫੈਸਲਿਆਂ ਵਿਰੁੱਧ ਤਿੱਖਾ ਰੋਸ ਜਤਾਇਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਮੌੜ, ਜ਼ਿਲ੍ਹਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸੇਮਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਭਾਕਿਊ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਭਾਕਿਊ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਰਾਜ ਮਹਿੰਦਰ ਸਿੰਘ ਕੋਟਭਾਰਾ, ਟੀਐੱਸਯੂ (ਭੰਗਲ) ਤੋਂ ਜਨਕਰਾਜ, ਪੰਜਾਬ ਖੇਤ ਮਜ਼ਦੂਰ ਸਭਾ ਤੋਂ ਸੁਖਦੇਵ ਸਿੰਘ ਕੁੰਬੇ, ਡੀਟੀਐਫ ਤੋਂ ਜਗਦੀਪ ਸਿੰਘ ਅਤੇ ਬਿਜਲੀ ਮੁਲਾਜ਼ਮ ਪੈਨਸ਼ਨਰ ਯੂਨੀਅਨ ਤੋਂ ਬਿਖੂਰਾਮ ਨੇ ਸੰਬੋਧਨ ਕੀਤਾ। ਆਗੂਆਂ ਨੇ ਐਲਾਨ ਕੀਤਾ ਕਿ ਜ਼ਿਲ੍ਹੇ ਦੇ ਹੋਰ ਬਲਾਕਾਂ ਵਿਚ ਵੀ ਇਹ ਮੋਟਰਸਾਈਕਲ ਮਾਰਚ 4 ਜਨਵਰੀ ਤਕ ਜਾਰੀ ਰਹਿਣਗੇ ਅਤੇ 16 ਜਨਵਰੀ ਨੂੰ ਡੀਸੀ ਦਫਤਰਾਂ ਅੱਗੇ ਧਰਨੇ ਦੇ ਕੇ ਵੱਡੇ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਸਮੂਹ ਕਿਰਤੀ ਵਰਗ ਨੂੰ ਅਪੀਲ ਕੀਤੀ ਕਿ ਇਨ੍ਹਾਂ ਧਰਨਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਭਾਕਿਊ ਏਕਤਾ ਉਗਰਾਹਾਂ ਬਲਾਕ ਮੌੜ ਦੇ ਆਗੂ ਗੁਰਜੀਤ ਸਿੰਘ ਬੰਗੇਹਰ, ਸਿਕੰਦਰ ਸਿੰਘ ਘੁੰਮਣ, ਅਮ੍ਰਿਤ ਸਿੰਘ ਮੌੜ, ਜਮਹੂਰੀ ਕਿਸਾਨ ਸਭਾ ਦੇ ਜਗਜੀਤ ਸਿੰਘ ਘੁੰਮਣ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਸ਼ਾਮਲ ਹੋਏ।