ਲੁੱਟ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਦੋ ਗ੍ਰਿਫ਼ਤਾਰ, ਤੀਜੇ ਦੀ ਭਾਲ ਜਾਰੀ
ਲੁੱਟ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਦੋ ਗ੍ਰਿਫ਼ਤਾਰ, ਤੀਜੇ ਦੀ ਭਾਲ ਜਾਰੀ
Publish Date: Thu, 01 Jan 2026 05:11 PM (IST)
Updated Date: Thu, 01 Jan 2026 05:14 PM (IST)
- ਹਮਲੇ ’ਚ ਹੱਥ ਦੀਆਂ ਕੱਟੀਆਂ ਗਈਆਂ ਸਨ ਉਂਗਲਾਂ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਸ਼ਹਿਰ ਵਿੱਚ 27 ਦਸੰਬਰ ਦੀ ਦੇਰ ਰਾਤ ਘਰ ਵਾਪਸ ਜਾ ਰਹੇ ਇਕ ਨੇਪਾਲੀ ਰੇਹੜੀ ਵਾਲੇ ਉੱਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਹਮਲਾ ਕਰਨ ਦਾ ਮਾਮਲੇ ਵਿਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਉਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।
ਡੀਐੱਸਪੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਤਿੰਨ ਅਣਪਛਾਤੇ ਲੁਟੇਰਿਆਂ ਨੇ ਮੋਮੋਜ਼ ਦੀ ਰੇਹੜੀ ਲਗਾਉਣ ਵਾਲੇ ਮਨ ਬਹਾਦਰ ’ਤੇ ਲੁੱਟ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਲੁੱਟ ਤੋਂ ਬਚਣ ਦੀ ਕੋਸ਼ਿਸ਼ ਕਰਦੇ ਇਸ ਰੇਹੜੀ ਵਾਲੇ ਨੂੰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਹਮਲੇ ਵਿਚ ਉਸ ਦੇ ਹੱਥ ਦੀਆਂ ਉਂਗਲਾਂ ਕੱਟੀਆਂ ਗਈਆਂ ਸਨ। ਜ਼ਖ਼ਮੀ ਦੀ ਪਛਾਣ 30 ਸਾਲਾ ਮਨ ਬਹਾਦੁਰ ਵਜੋਂ ਹੋਈ ਸੀ, ਜੋ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਬਠਿੰਡਾ ਦੀ ਠੰਢੀ ਸੜਕ ਨੇੜੇ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ। ਘਟਨਾ ਵੇਲੇ ਮਨ ਬਹਾਦੁਰ ਪ੍ਰਤਾਪ ਨਗਰ ਗਲੀ ਨੰਬਰ ਇਕ ਡੀ ਵਿੱਚ ਮੋਮੋਜ਼ ਵੇਚਣ ਤੋਂ ਬਾਅਦ ਆਪਣੀ ਰੇਹੜੀ ਲੈ ਕੇ ਕਮਰੇ ਵੱਲ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਚਣ ਲਈ ਮਨ ਬਹਾਦੁਰ ਨੇ ਆਪਣਾ ਹੱਥ ਸਿਰ ਅੱਗੇ ਕੀਤਾ, ਪਰ ਤੇਜ਼ ਵਾਰ ਕਾਰਨ ਉਸ ਦੀਆਂ ਉਂਗਲਾਂ ਕੱਟੀਆਂ ਗਈਆਂ। ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਬਚਾਇਆ, ਜਦਕਿ ਲੋਕਾਂ ਨੂੰ ਆਉਂਦਾ ਦੇਖ ਕੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ, ਜਿਸ ਤੋਂ ਬਾਅਦ ਦੋ ਵਿਅਕਤੀਆਂ ਸਾਹਿਲ ਵਾਸੀ ਜੰਤਾ ਨਗਰ ਅਤੇ ਲਖਵਿੰਦਰ ਸਿੰਘ ਉੂਰਫ ਲੱਕੀ ਭਾਠ ਵਾਸੀ ਗੋਪਾਲ ਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਕਿਸੇ ਹੋਰ ਦੀ ਕੁੱਟਮਾਰ ਲਈ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਪਰ ਜਦੋਂ ਉਕਤ ਵਿਅਕਤੀ ਨਹੀਂ ਮਿਲਿਆ ਤਾਂ ਉਨ੍ਹਾਂ ਰੇਹੜੀ ਵਾਲੇ ’ਤੇ ਹਮਲਾ ਕਰ ਦਿੱਤਾ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤੀਆਂ ਦੋ ਕਿਰਪਾਨਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮੁਜ਼ਲਮਾਂ ਦੇ ਤੀਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।