ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ’ਤੇ ਇੱਟਾਂ ਮਾਰਨ ਵਾਲੇ ਦੋ ਕਾਬੂ
ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਉੱਪਰ ਇੱਟਾਂ ਮਾਰਨ ਵਾਲੇ ਦੋ ਕਾਬੂ
Publish Date: Thu, 01 Jan 2026 05:07 PM (IST)
Updated Date: Thu, 01 Jan 2026 05:08 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਭੁੱਚੋ ਖੁਰਦ ਵਿੱਚ ਇਤਿਹਾਸਕ ਗੁਰਦੁਆਰਾ ਲਵੇਰੀਸਰ ਸਾਹਿਬ ਦੇ ਦਰਬਾਰ ਹਾਲ ਉੱਪਰ ਇੱਟਾਂ ਮਾਰਨ ਦੇ ਦੋਸ਼ ਹੇਠ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 30 ਦਸੰਬਰ 2025 ਨੂੰ ਗੁਰਦੁਆਰਾ ਸਾਹਿਬ ਵਿਚ ਪਾਠ ਚੱਲ ਰਹੇ ਸਨ ਕਿ ਇਸ ਦੌਰਾਨ ਕਿਸੇ ਸ਼ਰਾਰਤੀ ਵਿਅਕਤੀ ਨੇ ਦਰਬਾਰ ਸਾਹਿਬ ਦੇ ਸ਼ੀਸ਼ਿਆਂ ਉੱਪਰ ਪੱਥਰ ਮਾਰ ਦਿੱਤੇ। ਗੁਰਦੁਆਰਾ ਲਵੇਰੀਸਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੂੰ ਕੀਤੀ ਸੀ। ਪੁਲਿਸ ਨੇ ਉਸੇ ਵੇਲੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਪੁਲਿਸ ਨੇ ਗੁਰੂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ, ਜਿਸ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ਵਿੱਚ ਹੀ ਗ੍ਰੰਥੀ ਵਜੋਂ ਕੰਮ ਕਰਨ ਵਾਲੇ ਦੋ ਵਿਅਕਤੀਆਂ ਮਨਦੀਪ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਤਰਸੇਮ ਸਿੰਘ ਵਾਸੀ ਤੁੰਗਵਾਲੀ ਨੇ ਗ੍ਰਿਫਤਾਰ ਕਰ ਲਿਆ। ਡੀਐੱਸਪੀ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਦੀ ਦੂਸਰੇ ਗ੍ਰੰਥੀ ਨਾਲ ਰੰਜਿਸ਼ਬਾਜ਼ੀ ਸੀ, ਜਿਸ ਕਾਰਨ ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਦੋਵੇਂ ਗ੍ਰੰਥੀ ਚਾਹੁੰਦੇ ਸਨ ਕਿ ਪ੍ਰਬੰਧਕੀ ਕਮੇਟੀ ਦੂਜੇ ਗ੍ਰੰਥੀ ਨੂੰ ਨੌਕਰੀ ਤੋਂ ਹਟਾ ਦੇਵੇ, ਜਿਸ ਲਈ ਇਨ੍ਹਾਂ ਦਰਬਾਰ ਸਾਹਿਬ ਉੱਪਰ ਰੋੜੇ ਮਾਰੇ ਸਨ।