ਸਰਕਾਰੀ ਹਾਈ ਸਕੂਲ ਨੂੰ ਗ੍ਰੀਨ ਸਕੂਲ ਐਵਾਰਡ ਲਈ ਚੁਣਿਆ
ਸਰਕਾਰੀ ਹਾਈ ਸਕੂਲ ਚੱਕ ਰਾਮ ਸਿੰਘ ਵਾਲਾ ਨੂੰ ਗ੍ਰੀਨ ਸਕੂਲ ਐਵਾਰਡ ਲਈ ਚੁਣਿਆ
Publish Date: Thu, 01 Jan 2026 04:40 PM (IST)
Updated Date: Thu, 01 Jan 2026 04:41 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਅਧੀਨ ਚੱਲ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਅਤੇ ਵਾਤਾਵਰਨ ਸੰਰੱਖਣ ਲਈ ਕੰਮ ਕਰਨ ਵਾਲੀ ਪ੍ਰਸਿੱਧ ਸੰਸਥਾ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐੱਸਈ), ਨਵੀਂ ਦਿੱਲੀ ਵੱਲੋਂ ਦੇਸ਼ ਭਰ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦਾ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਆਡਿਟ ਕੀਤਾ ਗਿਆ। ਇਸ ਆਡਿਟ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਮਾਰਟ ਸਕੂਲ ਚੱਕ ਰਾਮ ਸਿੰਘ ਵਾਲਾ ਨੂੰ ਲਗਾਤਾਰ ਦੂਜੀ ਵਾਰ ਗ੍ਰੀਨ ਸਕੂਲ ਐਵਾਰਡ 2026 ਲਈ ਚੁਣਿਆ ਗਿਆ ਹੈ। ਇਹ ਐਵਾਰਡ 30 ਜਨਵਰੀ 2026 ਨੂੰ ਨਵੀਂ ਦਿੱਲੀ ਵਿਖੇ ਸਕੂਲ ਨੂੰ ਪ੍ਰਦਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸਕੂਲ ਨੂੰ ਇਸ ਐਵਾਰਡ ਨਾਲ ਨਵਾਜ਼ਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਹੈੱਡਮਾਸਟਰ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਸੀਐੱਸਈ ਵੱਲੋਂ ਭਾਰਤ ਭਰ ਦੇ ਸਕੂਲਾਂ ਦੀ ਹਵਾ, ਪਾਣੀ, ਭੋਜਨ, ਵਾਤਾਵਰਨ ਅਤੇ ਊਰਜਾ ਸਬੰਧੀ ਵੱਖ-ਵੱਖ ਪੈਰਾਮੀਟਰਾਂ ਅਧੀਨ ਵਿਸਥਾਰਪੂਰਵਕ ਪਰਖ ਅਤੇ ਆਡਿਟ ਕੀਤਾ ਜਾਂਦਾ ਹੈ। ਇਸ ਦੌਰਾਨ ਸਕੂਲ ਦੀ ਹਵਾ ਅਤੇ ਪਾਣੀ ਦੀ ਗੁਣਵੱਤਾ, ਇਮਾਰਤ ਅਤੇ ਕਲਾਸਰੂਮਾਂ ਦਾ ਵਿਦਿਆਰਥੀਆਂ ਦੀ ਸਿਹਤ ਅਤੇ ਵਿਕਾਸ ਲਈ ਅਨੁਕੂਲ ਹੋਣਾ, ਸਕੂਲ ਵਿਚ ਗ੍ਰੀਨ ਕਵਰ, ਜੰਗਲ ਹੇਠ ਰਕਬਾ ਅਤੇ ਵੱਖ-ਵੱਖ ਤਰ੍ਹਾਂ ਦੀ ਊਰਜਾ ਦੀ ਵਰਤੋਂ ਵਰਗੇ ਮਾਪਦੰਡਾਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਕੇਹਰ ਸਿੰਘ ਸਿੱਧੂ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।