ਮਾਸਟਰ ਕਾਡਰ ਦਾ ਪ੍ਰੋਮੋਸ਼ਨ ਕੋਟਾ 75 ਫ਼ੀਸਦੀ ਹੋਣ ਨਾਲ ਸਿੱਖਿਆ ਪ੍ਰਣਾਲੀ ਹੋਵੇਗੀ ਮਜ਼ਬੂਤ
ਮਾਸਟਰ ਕਾਡਰ ਦਾ ਪ੍ਰੋਮੋਸ਼ਨ ਕੋਟਾ 75 ਫੀਸਦੀ ਹੋਣ ਨਾਲ ਸਿੱਖਿਆ ਪ੍ਰਣਾਲੀ ਹੋਵੇਗੀ ਮਜਬੂਤ
Publish Date: Thu, 01 Jan 2026 04:38 PM (IST)
Updated Date: Thu, 01 Jan 2026 04:41 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪ੍ਰਿੰਸੀਪਲ ਦੀ ਪ੍ਰੋਮੋਸ਼ਨ ਵਿਚ 75 ਫੀਸਦੀ ਕੋਟਾ ਕਰਵਾਉਣ ਤੋਂ ਬਾਅਦ ਹੁਣ ਹੈੱਡਮਾਸਟਰ ਦੀ ਪ੍ਰੋਮੋਸ਼ਨ ਵਿਚ ਵੀ 75 ਫੀਸਦੀ ਕੋਟਾ ਲਾਗੂ ਕਰਨ ਸਬੰਧੀ ਨਿਯਮਾਂ ਦਾ ਨੋਟੀਫਿਕੇਸ਼ਨ ਸਿੱਖਿਆ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਸਾਲ 2018 ਵਿਚ ਉਸ ਸਮੇਂ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀਪੀਈਓ ਦੀਆਂ ਪ੍ਰੋਮੋਸ਼ਨਾਂ ਲਈ ਕੋਟਾ 75 ਫ਼ੀਸਦੀ ਤੋਂ ਘਟਾ ਕੇ 50 ਫ਼ੀਸਦੀ ਕਰ ਦਿੱਤਾ ਗਿਆ ਸੀ। ਡੀਟੀਐੱਫ਼ ਪੰਜਾਬ ਨੇ ਇਸ ਫੈਸਲੇ ਦਾ ਲਗਾਤਾਰ 7 ਸਾਲ ਤਕ ਵਿਰੋਧ ਕਰਦੇ ਹੋਏ ਪ੍ਰੋਮੋਸ਼ਨ ਕੋਟਾ ਮੁੜ 75 ਫ਼ੀਸਦੀ ਕਰਵਾਉਣ ਲਈ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਲਗਾਤਾਰ ਸੰਘਰਸ਼ ਦੇ ਨਤੀਜੇ ਵਜੋਂ ਸਿੱਖਿਆ ਵਿਭਾਗ ਨੇ 2018 ਦੇ ਨਿਯਮਾਂ ਵਿਚ ਸੋਧ ਕਰਦਿਆਂ ਪਹਿਲਾਂ ਪ੍ਰਿੰਸੀਪਲ ਦੀ ਪ੍ਰੋਮੋਸ਼ਨ ਲਈ 75 ਫ਼ੀਸਦੀ ਕੋਟਾ ਬਹਾਲ ਕੀਤਾ ਅਤੇ ਹੁਣ ਹੈੱਡਮਾਸਟਰ ਦੀ ਪ੍ਰੋਮੋਸ਼ਨ ਲਈ ਵੀ 75 ਫ਼ੀਸਦੀ ਕੋਟੇ ਦੇ ਨਿਯਮਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ, ਸਕੱਤਰ ਜਸਵਿੰਦਰ ਸਿੰਘ, ਬਲਾਕ ਪ੍ਰਧਾਨ ਰਾਜਵਿੰਦਰ ਜਲਾਲ, ਭੂਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਬਲਕਰਨ ਸਿੰਘ ਕੋਟਸ਼ਮੀਰ ਅਤੇ ਅਸ਼ਵਨੀ ਡੱਬਵਾਲੀ ਨੇ ਇਸ ਫੈਸਲੇ ਨੂੰ ਜਥੇਬੰਦੀ ਦੀ ਵੱਡੀ ਜਿੱਤ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਇਨ੍ਹਾਂ ਸੋਧੇ ਹੋਏ ਨਿਯਮਾਂ ਨਾਲ ਸਕੂਲਾਂ ਨੂੰ ਤਜ਼ਰਬੇਕਾਰ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀਪੀਈਓ ਮਿਲ ਸਕਣਗੇ, ਜਿਸ ਨਾਲ ਸਿੱਖਿਆ ਪ੍ਰਣਾਲੀ ਮਜ਼ਬੂਤ ਹੋਵੇਗੀ। ਜਥੇਬੰਦੀ ਦੇ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ, ਵਿੱਤ ਸਕੱਤਰ ਅਨਿਲ ਭੱਟ, ਸੰਯੁਕਤ ਸਕੱਤਰ ਕੁਲਵਿੰਦਰ ਸਿੰਘ ਵਿਰਕ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਕਿਹਾ ਕਿ ਇਸ ਸਮੇਂ ਸਕੂਲਾਂ ਵਿਚ 50 ਫ਼ੀਸਦੀ ਤੋਂ ਵੱਧ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀਪੀਈਓ ਦੀਆਂ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਅਸਾਮੀਆਂ ’ਤੇ ਤੁਰੰਤ ਸੋਧੇ ਹੋਏ ਪ੍ਰੋਮੋਸ਼ਨ ਕੋਟੇ ਅਨੁਸਾਰ ਭਰਤੀ ਕੀਤੀ ਜਾਵੇ ਅਤੇ ਬੀਪੀਈਓ ਦੇ ਸੋਧੇ ਨਿਯਮਾਂ ਦਾ ਨੋਟੀਫਿਕੇਸ਼ਨ ਵੀ ਜਲਦੀ ਜਾਰੀ ਕੀਤਾ ਜਾਵੇ।