ਯਾਦਗਾਰੀ ਹੋ ਨਿੱਬੜਿਆ ਸਾਹਿਤਕ ਮੰਚ ਭਗਤਾ ਦਾ ਸਮਾਗਮ
ਯਾਦਗਾਰੀ ਹੋ ਨਿਬੜਿਆ ਸਾਹਿਤਕ ਮੰਚ ਭਗਤਾ ਦਾ ਸਮਾਗਮ
Publish Date: Thu, 01 Jan 2026 04:35 PM (IST)
Updated Date: Thu, 01 Jan 2026 04:38 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਸਾਹਿਤ, ਸਮਾਜ ਵਿਚ ਵਾਪਰਦੇ ਕੌਮਾਂ ਦੇ ਉਸਾਰੂ ਅਤੇ ਢਾਹੂ ਵਰਤਾਰੇ ਨੂੰ ਰੂਪਮਾਨ ਕਰਦਾ ਹੈ। ਇਹ ਸਦੀਆਂ ਦੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਭਵਿੱਖ ਦੇ ਨਵੇਂ ਦਿਸਹੱਦੇ ਸਥਾਪਤ ਕਰਦਾ ਹੈ। ਸਾਹਿਤ ਵਿੱਚੋਂ ਇਤਿਹਾਸ ਸਿਰਜਿਆ ਜਾ ਸਕਦਾ ਹੈ, ਪਰ ਇਤਿਹਾਸ ਵਿੱਚੋਂ ਸਾਹਿਤ ਦੀ ਸਿਰਜਣਾ ਕਰਨੀ ਸੰਭਵ ਨਹੀਂ। ਇਹ ਵਿਚਾਰ ਕ੍ਰਾਂਤੀਕਾਰੀ ਵਾਚਕ ਭੂਰਾ ਸਿੰਘ ਮਹਿਮਾ ਸਰਜਾ ਨੇ ਅਸੀਂ ਸਾਹਿਤ ਕਿਉਂ ਪੜ੍ਹੀਏ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਵਿਖੇ ਸਾਹਿਤਕ ਮੰਚ ਭਗਤਾ ਭਾਈ ਦੇ ਸਮਾਗਮ ਦੌਰਾਨ ਪੇਸ਼ ਕੀਤੇ। ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਮਾਗਮ ਦਾ ਆਗਾਜ਼ ਨੌਜਵਾਨ ਕਵੀ ਚਰਨਜੀਤ ਸਮਾਲਸਰ ਨੇ ਆਪਣੀ ਕਵਿਤਾ ਰਾਹੀਂ ਕੀਤਾ। ਡਾ. ਬਲਵਿੰਦਰ ਸਿੰਘ ਸੋਢੀ ਅਤੇ ਬਲੌਰ ਸਿੰਘ ਸਿੱਧੂ ਨੇ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਸਥਿਤੀ ਉੱਤੇ ਭਾਵਪੂਰਤ ਵਿਚਾਰ ਪੇਸ਼ ਕੀਤੇ।
ਮੰਚ ਵੱਲੋਂ ਉੱਘੇ ਰੰਗਕਰਮੀ ਸੁਖਵਿੰਦਰ ਚੀਦਾ ਅਤੇ ਸਰਪ੍ਰਸਤ ਨਛੱਤਰ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਨਛੱਤਰ ਸਿੰਘ ਸਿੱਧੂ ਵੱਲੋਂ ਖਿਡਾਰਨ ਖੁਸ਼ਵੀਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਦਿੱਤਾ। ਸੁਰਜੀਤ ਸਿੰਘ ਚੇਲਾ ਭਾਈ ਰੂਪਾ ਨੇ ਸਾਦੇ ਜੀਵਨ ਉੱਤੇ ਜ਼ੋਰ ਦਿੱਤਾ। ਜਗਸੀਰ ਜੀਦਾ ਨੇ ਕ੍ਰਾਂਤੀਕਾਰੀ ਬੋਲੀਆਂ, ਜਸਵੰਤ ਸਿੰਘ ਗਿੱਲ, ਜਗਤਾਰ ਸਿੰਘ, ਸੋਹਣ ਸਿੰਘ ਨੇ ਕਵਿਤਾ ਪੇਸ਼ ਕੀਤੀ। ਵਾਤਾਵਰਨ ਪ੍ਰੇਮੀ ਸਰਬ ਪਾਲ ਸ਼ਰਮਾ ਨੇ ਵਾਤਾਵਰਨ ਨੂੰ ਬਚਾਉਣ ਉੱਤੇ ਸੁਨੇਹਾ ਦਿੱਤਾ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿਚ ਸੁਰਜੀਤ ਸਿੰਘ ਬੱਜੋਆਣੀਆਂ, ਲੈਕਚਰਾਰ ਮਨਦੀਪ ਸਿੰਘ, ਗੁਰਨਾਮ ਸਿੰਘ ਸਿੱਧੂ, ਬਲਵੀਰ ਸਿੰਘ ਜਿਲ੍ਹੇਦਾਰ, ਸੰਦੀਪ ਸਿੰਘ ਭਗਤਾ, ਸੋਹਨ ਸਿੰਘ ਕੇਸਰਵਾਲੀਆਂ, ਨਾਨਕ ਸਿੰਘ, ਸਿਕੰਦਰਦੀਪ ਸਿੰਘ ਰੂਬਲ, ਪ੍ਰਿੰਸੀਪਲ ਸੁਮਨ ਸ਼ਰਮਾ, ਨਛੱਤਰ ਸਿੰਘ, ਮਾਸਟਰ ਸੁਰਜੀਤ ਸਿੰਘ, ਮਿੰਟੂ ਖੁਰਮੀ, ਹਰਪਿੰਦਰ ਕੌਰ, ਖੁਸ਼ਵੀਰ ਕੌਰ, ਕੁਲਵੀਰ ਕੌਰ, ਕਿਰਨਜੀਤ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਹਰਦੀਪ ਕੌਰ, ਕੋਮਲਪ੍ਰੀਤ ਸਿੰਘ, ਗੁਰਲਾਲ ਸਿੰਘ ਆਦਿ ਨੇ ਸ਼ਿਰਕਤ ਕੀਤੀ।