ਏਮਜ਼ ਵੱਲੋਂ ਦਿਲ ਦੇ ਮਰੀਜ਼ਾਂ ਲਈ ਵੱਡੀ ਪਹਿਲ, ਐਮਰਜੈਂਸੀ ’ਚ 15 ਮਿੰਟਾਂ ਅੰਦਰ ਮਿਲੇਗਾ ਇਲਾਜ
ਏਮਜ਼ ਬਠਿੰਡਾ ਵੱਲੋਂ ਦਿਲ ਦੇ ਮਰੀਜ਼ਾਂ ਲਈ ਵੱਡੀ ਪਹਿਲ, ਐਮਰਜੈਂਸੀ ਵਿੱਚ 15 ਮਿੰਟਾਂ ਅੰਦਰ ਮਿਲੇਗਾ ਇਲਾਜ
Publish Date: Thu, 01 Jan 2026 04:26 PM (IST)
Updated Date: Thu, 01 Jan 2026 04:29 PM (IST)

- ਪਿਛਲੇ ਇੱਕ ਮਹੀਨੇ ’ਚ 121 ਮਰੀਜ਼ਾਂ ਨੂੰ ਸਮੇਂ ਸਿਰ ਸੈਂਟਰ ’ਚ ਮਿਲ ਚੁੱਕਾ ਹੈ ਇਲਾਜ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਦਿਲ ਦੇ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਤੇਜ਼ ਇਲਾਜ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਏਮਜ਼ ਬਠਿੰਡਾ ਨੇ ਇੱਕ ਵੱਡਾ ਅਤੇ ਸਲਾਹੁਣਯੋਗ ਕਦਮ ਚੁੱਕਿਆ ਹੈ। ਸੰਸਥਾ ਵਿੱਚ ਐਮਰਜੈਂਸੀ ਵਿੱਚ ਆਉਣ ਵਾਲੇ ਦਿਲ ਦੇ ਮਰੀਜ਼ਾਂ ਲਈ ਵੱਖਰਾ ਆਧੁਨਿਕ ਹਾਰਟ ਸੈਂਟਰ ਸ਼ੁਰੂ ਕੀਤਾ ਗਿਆ ਹੈ। ਇਸ ਸੈਂਟਰ ਰਾਹੀਂ ਦਿਲ ਦਾ ਦੌਰਾ ਜਾਂ ਹੋਰ ਗੰਭੀਰ ਦਿਲੀ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦਾ ਸਿਰਫ਼ 15 ਮਿੰਟਾਂ ਦੇ ਅੰਦਰ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੀ ਜਾਨ ਬਚਣ ਦੀ ਸੰਭਾਵਨਾ ਕਾਫ਼ੀ ਵੱਧ ਜਾਵੇਗੀ। ਏਮਜ਼ ਬਠਿੰਡਾ ਪ੍ਰਸ਼ਾਸਨ ਅਨੁਸਾਰ ਇਸ ਹਾਰਟ ਸੈਂਟਰ ਵਿੱਚ ਐਮਰਜੈਂਸੀ ਵਿੱਚ ਪਹੁੰਚਣ ਵਾਲੇ ਮਰੀਜ਼ਾਂ ਦੀ ਤੁਰੰਤ ਜਾਂਚ ਕੀਤੀ ਜਾਂਦੀ ਹੈ। ਈਸੀਜੀ, ਖੂਨ ਦੀ ਜਾਂਚ ਅਤੇ ਹੋਰ ਲੋੜੀਂਦੇ ਟੈਸਟ ਬਿਨਾਂ ਕਿਸੇ ਦੇਰੀ ਦੇ ਕੀਤੇ ਜਾਂਦੇ ਹਨ। ਜਾਂਚ ਤੋਂ ਬਾਅਦ ਜੇਕਰ ਮਰੀਜ਼ ਦੀ ਹਾਲਤ ਗੰਭੀਰ ਪਾਈ ਜਾਂਦੀ ਹੈ ਅਤੇ ਸਟੈਂਟ ਪਾਉਣ ਦੀ ਲੋੜ ਹੁੰਦੀ ਹੈ ਤਾਂ ਮਰੀਜ਼ ਨੂੰ ਤੁਰੰਤ ਆਈਸੀਯੂ ਵਿੱਚ ਭਰਤੀ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪੂਰੀ ਪ੍ਰਣਾਲੀ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਇਲਾਜ ਵਿੱਚ ਕਿਸੇ ਵੀ ਕਿਸਮ ਦੀ ਦੇਰੀ ਨਾ ਹੋਵੇ। ਜੇਕਰ ਪਿਛਲੇ ਇਕ ਮਹੀਨੇ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਏਮਜ਼ ਦੇ ਇਸ ਹਾਰਟ ਸੈਂਟਰ ਵਿੱਚ ਹੁਣ ਤਕ 121 ਮਰੀਜ਼ਾਂ ਦਾ ਦਿਲ ਸਬੰਧੀ ਸਫ਼ਲ ਇਲਾਜ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਕਈ ਮਰੀਜ਼ ਐਸੇ ਵੀ ਸਨ ਜਿਹੜੇ ਗੰਭੀਰ ਹਾਲਤ ਵਿੱਚ ਏਮਜ਼ ਬਠਿੰਡਾ ਪਹੁੰਚੇ ਸਨ। ਸਮੇਂ ਸਿਰ ਇਲਾਜ ਮਿਲਣ ਕਾਰਨ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਆਇਆ। ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ “ਗੋਲਡਨ ਆਵਰ” ਬਹੁਤ ਮਹੱਤਵਪੂਰਨ ਹੁੰਦਾ ਹੈ। ਜੇਕਰ ਇਸ ਸਮੇਂ ਦੇ ਅੰਦਰ ਸਹੀ ਇਲਾਜ ਮਿਲ ਜਾਵੇ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਦਿਲ ਨੂੰ ਹੋਣ ਵਾਲੇ ਨੁਕਸਾਨ ਨੂੰ ਵੀ ਕਾਫ਼ੀ ਹੱਦ ਤਕ ਘਟਾਇਆ ਜਾ ਸਕਦਾ ਹੈ। ਫਿਲਹਾਲ ਇਹ ਸੈਂਟਰ ਸੱਤ ਬਿਸਤਰਿਆਂ ਨਾਲ ਸ਼ੁਰੂ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਦਿਲ ਦੇ ਮਰੀਜ਼ਾਂ ਨੂੰ ਐਂਮਰਜੈਂਸੀ ਵਿਚ ਭੇਜਿਆ ਜਾਂਦਾ ਸੀ, ਜਿੱਥੋ ਮਰੀਜ਼ ਨੂੰ ਜਾਂਚ ਤੇ ਲੋੜੀਦੇ ਟੈਸਟਾਂ ਲਈ ਹੋਰ ਜਗ੍ਹਾ ਲੈ ਕੇ ਜਾਣਾ ਪੈਂਦਾ ਸੀ, ਜਿਸ ਕਾਰਨ ਇਲਾਜ ਵਿਚ ਕਈ ਵਾਰ ਦੇਰ ਹੋ ਜਾਂਦੀ ਸੀ। ਇਹ ਹਾਰਟ ਸੈਂਟਰ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਡਾ. ਰਤਨ ਗੁਪਤਾ ਦੇ ਵਿਸ਼ੇਸ਼ ਯਤਨਾਂ ਨਾਲ ਸ਼ੁਰੂ ਹੋਇਆ ਹੈ। ਉਨ੍ਹਾਂ ਨੇ ਸੰਸਥਾ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਸੈਂਟਰ ਦੀ ਲੋੜ ‘ਤੇ ਜ਼ੋਰ ਦਿੱਤਾ ਸੀ। ਡਾ. ਗੁਪਤਾ ਦਾ ਮੰਨਣਾ ਹੈ ਕਿ ਬਠਿੰਡਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਦਿਲ ਦੇ ਮਰੀਜ਼ ਆਉਂਦੇ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ। ਐਸੇ ਵਿੱਚ ਇਹ ਸੈਂਟਰ ਨਾ ਸਿਰਫ਼ ਏਮਜ਼ ਬਠਿੰਡਾ, ਸਗੋਂ ਪੂਰੇ ਮਾਲਵਾ ਖੇਤਰ ਲਈ ਇੱਕ ਵੱਡੀ ਸੌਗਾਤ ਸਾਬਤ ਹੋਵੇਗਾ। ਉੱਥੇ ਹੀ ਮੈਡੀਕਲ ਸੁਪਰਟਡੈਂਟ ਡਾ. ਰਾਜੀਵ ਗੁਪਤਾ ਨੇ ਦੱਸਿਆ ਕਿ ਇਸ ਹਾਰਟ ਸੈਂਟਰ ਦਾ ਮੁੱਖ ਮਕਸਦ ਦਿਲ ਦੇ ਮਰੀਜ਼ਾਂ ਨੂੰ ਸਹੀ ਸਮੇਂ ‘ਤੇ ਸਹੀ ਇਲਾਜ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅਕਸਰ ਇਲਾਜ ਵਿੱਚ ਕੁਝ ਮਿੰਟਾਂ ਦੀ ਦੇਰੀ ਵੀ ਮਰੀਜ਼ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਤਕਨੀਕੀ ਟੀਮ ਨੂੰ 24 ਘੰਟੇ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਏਮਜ਼ ਬਠਿੰਡਾ ਦੇ ਇਸ ਕਦਮ ਨਾਲ ਨਾ ਸਿਰਫ਼ ਸਰਕਾਰੀ ਸਿਹਤ ਸੇਵਾਵਾਂ ‘ਤੇ ਲੋਕਾਂ ਦਾ ਭਰੋਸਾ ਵਧੇਗਾ, ਸਗੋਂ ਨਿੱਜੀ ਹਸਪਤਾਲਾਂ ‘ਤੇ ਨਿਰਭਰਤਾ ਵੀ ਘਟੇਗੀ। ਸਥਾਨਕ ਲੋਕਾਂ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਮਰੀਜ਼ਾਂ ਲਈ ਇਹ ਹਾਰਟ ਸੈਂਟਰ ਜੀਵਨ ਰੱਖਿਆਕਾਰੀ ਸਾਬਤ ਹੋ ਰਿਹਾ ਹੈ। ਸਿਹਤ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਹੋਰ ਸਰਕਾਰੀ ਹਸਪਤਾਲਾਂ ਵਿੱਚ ਵੀ ਵਿਕਸਿਤ ਕੀਤੀਆਂ ਜਾਣ ਤਾਂ ਦਿਲ ਦੇ ਦੌਰਿਆਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕਮੀ ਲਿਆਂਦੀ ਜਾ ਸਕਦੀ ਹੈ।