ਆਰਬੀਐੱਸਕੇ ਨੇ ਦਿੱਤੀ ਦਿਲਪ੍ਰੀਤ ਨੂੰ ਨਵੀਂ ਰੌਸ਼ਨੀ
ਆਰਬੀਐਸਕੇ ਨੇ ਦਿੱਤੀ ਦਿਲਪ੍ਰੀਤ ਨੂੰ ਨਵੀਂ ਰੌਸ਼ਨੀ
Publish Date: Tue, 20 Jan 2026 04:31 PM (IST)
Updated Date: Wed, 21 Jan 2026 04:01 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਬਠਿੰਡਾ ਵਿਖੇ ਤਾਇਨਾਤ ਅੱਖਾਂ ਦੇ ਮਾਹਿਰ ਡਾ. ਜ਼ਿਲ੍ਹਾ ਟੀਕਾਕਰਨ ਅਫ਼ਸਰ ਕਮ ਨੋਡਲ ਅਫ਼ਸਰ ਆਰਬੀਐੱਸਕੇ ਡਾ. ਮੀਨਾਕਸ਼ੀ ਸਿੰਗਲਾ ਵੱਲੋਂ ਅੱਜ ਇਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ। ਉਨ੍ਹਾਂ ਵੱਲੋਂ ਦਿਲਪ੍ਰੀਤ ਸਿੰਘ ਸਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਕੋਟਬਖਤੂ ਦਾ ਜਮਾਂਦਰੂ ਚਿੱਟੇ ਮੋਤੀਆ ਦਾ ਸਫਲ ਅਪਰੇਸ਼ਨ ਕੀਤਾ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਬੱਚੇ ਦਾ ਅਪ੍ਰੇਸ਼ਨ ਆਰਬੀਐਸਕੇ ਤਹਿਤ ਕੀਤਾ ਗਿਆ ਹੈ। ਜਿਸ ’ਚ ਬੱਚੇ ਦੇ ਇਲਾਜ ਤੇ ਕੋਈ ਵੀ ਖਰਚ ਨਹੀਂ ਹੋਇਆ ਹੈ। ਪਹਿਲਾਂ ਵੀ ਇਸ ਯੋਜਨਾ ਤਹਿਤ ਬੱਚੇ ਦੀ ਅੱਖ ਦਾ ਸਫ਼ਲ ਆਪ੍ਰੇਸ਼ਨ ਹੋ ਚੁੱਕਾ ਹੈ ਤੇ ਹੁਣ ਬੱਚੇ ਦੀ ਦੂਜੀ ਅੱਖ ਦਾ ਸਫ਼ਲ ਅਪ੍ਰੇਸ਼ਨ ਕੀਤਾ ਹੈ। ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੋਟਬਖਤੂ ਦਾ ਚੌਥੀ ਜਮਾਤ ਦਾ ਵਿਦਿਆਰਥੀ ਹੈ, ਜੋ ਜਨਮ ਤੋਂ ਹੀ ਚਿੱਟੇ ਮੋਤੀਆ ਦੀ ਸਮੱਸਿਆ ਨਾਲ ਪੀੜਤ ਸੀ । ਜਿਸ ਕਾਰਨ ਉਸਦੀ ਨਜ਼ਰ ਵਧੀਕ ਪ੍ਰਭਾਵਿਤ ਹੋ ਰਹੀ ਸੀ। ਮੋਤੀਆ ਅਕਸਰ ਜਨਮ ਤੋਂ ਹੀ ਹੁੰਦਾ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਬੱਚੇ ਦੀ ਨਜ਼ਰ ਸਦਾ ਲਈ ਖਤਮ ਵੀ ਹੋ ਸਕਦੀ ਹੈ। ਇਸ ਅਪ੍ਰੇਸ਼ਨ ਤਹਿਤ ਅੱਖ ਵਿੱਚੋਂ ਧੁੰਦਲਾ ਲੈਂਸ ਕੱਢ ਕੇ ਅਧੁਨਿਕ ਤਰੀਕੇ ਨਾਲ ਉਸਦੀ ਥਾਂ ਨਵਾਂ ਲੈਂਸ ਲਾਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬੱਚੇ ਦੀ ਨਜ਼ਰ ਸਹੀ ਨਹੀਂ ਆ ਰਹੀ ਜਾਂ ਅੱਖਾਂ ’ਚ ਕੁਝ ਗੜਬੜ ਨਜ਼ਰ ਆਵੇ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾਂ ਅੱਖਾਂ ਦੇ ਮਾਹਿਰ ਨਾਲ ਸੰਪਰਕ ਕਰੋ। ਉਨ੍ਹਾਂ ਕਿਹਾ ਕਿ ਆਰਬੀਐੱਸਕੇ ਤਹਿਤ ਬੱਚਿਆਂ ਦੀਆਂ ਕਈ ਬਿਮਾਰੀਆਂ ਦੇ ਮੁਫਤ ਇਲਾਜ ਕੀਤੇ ਜਾਂਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਬੱਚੇ ਨੂੰ ਕੋਈ ਵੀ ਪਰੇਸ਼ਾਨੀ ਨਜਰ ਆ ਰਹੀ ਹੈ ਤਾਂ ਉਸਨੂੰ ਨੇੜਲੇ ਸਰਕਾਰੀ ਹਸਪਤਾਲ ਵਿਖੇ ਜਰੂਰ ਚੈਕ ਕਰਵਾਓ। ਇਸ ਮੌਕੇ ਮਨਫੂਲ ਸਿੰਘ ਹਾਜ਼ਰ ਸਨ।