ਨਸ਼ਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ: ਲੱਖਾ ਸਣੇ ਕਈ ਤਸਕਰਾਂ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਤੇ ਲਗਜ਼ਰੀ ਕਾਰਾਂ ਫ਼ਰੀਜ਼
ਸਥਾਨਕ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਨਸ਼ਾ ਤਸਕਰਾਂ ਖ਼ਿਲਾਫ਼ ਐਨਡੀਪੀਐੱਸ ਐਕਟ ਅਧੀਨ ਕਮਰਸ਼ੀਅਲ ਮਾਤਰਾ ਦੇ ਕੇਸ ਦਰਜ ਹਨ, ਉਨ੍ਹਾਂ ਵੱਲੋਂ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਅਣ-ਅਧਿਕਾਰਤ ਚੱਲ ਅਤੇ ਅਚੱਲ ਜਾਇਦਾਦ ਨੂੰ ਫਰੀਜ਼ ਕਰਵਾਉਣ ਲਈ ਬਠਿੰਡਾ ਪੁਲਿਸ ਨੇ ਐਫਐਨਡੀਪੀਐੱਸ ਕਾਨੂੰਨ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਜਾ ਰਹੇ ਹਨ।
Publish Date: Fri, 16 Jan 2026 12:07 PM (IST)
Updated Date: Fri, 16 Jan 2026 12:08 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਨਸ਼ਾ ਤਸਕਰਾਂ ਖ਼ਿਲਾਫ਼ ਐਨਡੀਪੀਐੱਸ ਐਕਟ ਅਧੀਨ ਕਮਰਸ਼ੀਅਲ ਮਾਤਰਾ ਦੇ ਕੇਸ ਦਰਜ ਹਨ, ਉਨ੍ਹਾਂ ਵੱਲੋਂ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਅਣ-ਅਧਿਕਾਰਤ ਚੱਲ ਅਤੇ ਅਚੱਲ ਜਾਇਦਾਦ ਨੂੰ ਫਰੀਜ਼ ਕਰਵਾਉਣ ਲਈ ਬਠਿੰਡਾ ਪੁਲਿਸ ਨੇ ਐਫਐਨਡੀਪੀਐੱਸ ਕਾਨੂੰਨ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਜਾ ਰਹੇ ਹਨ।
ਇਸ ਸਬੰਧੀ ਗੁਰਪ੍ਰੀਤ ਸਿੰਘ ਡੀਐੱਸਪੀ (ਐੱਨਡੀਪੀਐੱਸ) ਨੇ ਪ੍ਰੈੱਸ ਨੂੰ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਸਾਲ 2025 ਦੌਰਾਨ ਬਠਿੰਡਾ ਪੁਲਿਸ ਵੱਲੋਂ ਕੁੱਲ 24 ਕੇਸ ਸਮਰੱਥ ਅਥਾਰਟੀ ਦਿੱਲੀ ਨੂੰ ਭੇਜੇ ਗਏ, ਜਿਨ੍ਹਾਂ ਵਿੱਚੋਂ 23 ਕੇਸ ਮਨਜ਼ੂਰ ਹੋ ਕੇ ਕਨਫ਼ਰਮ ਹੋ ਚੁੱਕੇ ਹਨ। ਇਹ ਕੇਸ ਨਸ਼ਾ ਤਸਕਰਾਂ ਦੀ ਅਣਕਾਨੂੰਨੀ ਕਮਾਈ ਉੱਤੇ ਸਿੱਧੀ ਕਾਰਵਾਈ ਕਰਨ ਵੱਲ ਅਹਿਮ ਕਦਮ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਵਿੱਚ ਇਕ ਪ੍ਰਮੁੱਖ ਕੇਸ ਲਖਵੀਰ ਲੱਖਾ ਪੁੱਤਰ ਗੁਰਮੇਲ ਸਿੰਘ, ਵਾਸੀ ਪਟੇਲ ਨਗਰ, ਬਠਿੰਡਾ ਨਾਲ ਸਬੰਧਤ ਹੈ, ਜਿਸ ਖ਼ਿਲਾਫ਼ ਥਾਣਾ ਕੋਤਵਾਲੀ ਬਠਿੰਡਾ ਵਿਚ ਐਨਡੀਪੀਐੱਸ ਕਾਨੂੰਨ ਤਹਿਤ ਕੇਸ ਦਰਜ ਹੈ। ਇਸ ਨਸ਼ਾ ਤਸਕਰ ਕੋਲੋਂ 8 ਜੁਲਾਈ 2025 ਨੂੰ 40 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।
ਡੀਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਮਰੱਥ ਅਥਾਰਟੀ ਦਿੱਲੀ ਵੱਲੋਂ ਆਰਡਰ ਪ੍ਰਾਪਤ ਹੋਣ ਉਪਰੰਤ ਪਹਿਲਾਂ ਹੀ 2 ਕਰੋੜ 49 ਲੱਖ 81 ਹਜ਼ਾਰ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਨਸ਼ਾ ਤਸਕਰ ਦੇ ਹੋਰ ਦੋ ਵਾਹਨ ਇਕ ਮਰਸੀਡੀਜ਼ ਕਾਰ ਅਤੇ ਜੀਪ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 48 ਲੱਖ 50 ਹਜ਼ਾਰ ਰੁਪਏ ਬਣਦੀ ਹੈ, ਨੂੰ ਵੀ ਫਰੀਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਲਖਵੀਰ ਲੱਖੇ ਦੀ ਕੁੱਲ ਕਰੀਬ 2 ਕਰੋੜ 49 ਲੱਖ 81 ਹਜ਼ਾਰ ਰੁਪਏ ਦੀ ਅਣਅਧਿਕਾਰਿਤ ਜਾਇਦਾਦ ਫਰੀਜ਼ ਕੀਤੀ ਗਈ ਹੈ।