ਸੀਤ ਲਹਿਰ ਦਾ ਕਹਿਰ ਜਾਰੀ, ਧੁੱਪ ਨਾਲ ਠੰਢ ਤੋਂ ਮਿਲੀ ਕੁਝ ਰਾਹਤ
ਬਠਿੰਡਾ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ, ਸ਼ਨੀਵਾਰ ਨੂੰ ਧੁੱਪ ਨਾਲ ਠੰਢ ਤੋਂ ਕੁੱਝ ਰਾਹਤ
Publish Date: Sat, 10 Jan 2026 05:17 PM (IST)
Updated Date: Sun, 11 Jan 2026 04:03 AM (IST)

ਤਾਪਮਾਨ ’ਚ ਫ਼ਿਰ ਆਈ ਗਿਰਾਵਟ, ਵੱਧ ਤੋਂ ਵੱਧ ਤਾਪਮਾਨ 3 ਡਿਗਰੀ ਘਟਿਆ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਜ਼ਿਲ੍ਹੇ ਵਿੱਚ ਜਨਵਰੀ ਦੀ ਸ਼ੁਰੂਆਤ ਨਾਲ ਹੀ ਕੜਾਕੇ ਦੀ ਠੰਢ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲਗਾਤਾਰ ਦੋ ਦਿਨ ਕੋਲਡ ਡੇ ਦਰਜ ਹੋਣ ਤੋਂ ਬਾਅਦ ਭਾਵੇਂ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ, ਪਰ ਸੀਤ ਲਹਿਰ ਅਤੇ ਵਾਤਾਵਰਣ ਵਿੱਚ ਮੌਜੂਦ ਨਮੀ ਕਾਰਨ ਲੋਕਾਂ ਨੂੰ ਠੰਢ ਤੋਂ ਕੋਈ ਵੱਡੀ ਰਾਹਤ ਨਹੀਂ ਮਿਲ ਸਕੀ। ਸ਼ਨੀਵਾਰ ਨੂੰ ਦੁਪਹਿਰ ਸਮੇਂ ਭਾਵੇ ਧੁੱਪ ਨਿਕਲੀ ਪਰ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨਾਲੋਂ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 13.6 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10.6 ਅਤੇ ਘੱਟ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰੇ ਸੰਘਣੀ ਧੁੰਦ ਬਾਅਦ ਭਾਵੇਂ ਦੁਪਹਿਰ ਵੇਲੇ ਧੁੱਪ ਜ਼ਰੂਰ ਨਿਕਲੀ, ਪਰ ਸੀਤ ਲਹਿਰ ਕਾਰਨ ਠੰਢ ਦਾ ਅਹਿਸਾਸ ਹੁੰਦਾ ਰਿਹਾ। ਹਾਲੀਆ ਕਈ ਦਿਨਾਂ ਤੋਂ ਪੈ ਰਹੀ ਤਿੱਖੀ ਠੰਢ ਅਤੇ ਸੀਤ ਲਹਿਰ ਤੋਂ ਬਾਅਦ ਅੱਜ ਸਵੇਰੇ ਧੁੱਪ ਦੇ ਦਰਸ਼ਨ ਹੋਏ, ਪਰ ਤਾਪਮਾਨ ਘਟਣ ਨਾਲ ਠੰਢ ਰਹੀ। ਸਵੇਰ ਦੇ ਸਮੇਂ ਇਲਾਕੇ ਵਿੱਚ ਧੁੰਦ ਇੰਨ੍ਹੀ ਸੰਘਣੀ ਸੀ ਕਿ ਦਿੱਖ ਸਿਰਫ ਕੁਝ ਮੀਟਰਾਂ ਤਕ ਸੀਮਤ ਰਹੀ। ਟ੍ਰੈਫਿਕ ਦੀ ਰਫ਼ਤਾਰ ਮੱਠੀ ਰਹੀ ਅਤੇ ਕੁਝ ਰੂਟਾਂ ‘ਤੇ ਹਾਦਸਿਆਂ ਦੀ ਸੰਭਾਵਨਾ ਵੀ ਬਣੀ ਰਹੀ। ਸਵੇਰ ਸਮੇਂ ਰੇਲ ਅਤੇ ਬੱਸ ਸੇਵਾਵਾਂ ਵੀ ਕੁਝ ਹੱਦ ਤਕ ਪ੍ਰਭਾਵਿਤ ਰਹੀਆਂ। ਦੁਪਹਿਰ ਸਮੇਂ ਘਰਾਂ ਦੀਆਂ ਛੱਤਾਂ, ਪਾਰਕਾਂ ਅਤੇ ਖੁੱਲ੍ਹੀਆਂ ਥਾਵਾਂ ‘ਤੇ ਲੋਕ ਧੁੱਪ ਸੇਕਦੇ ਨਜ਼ਰ ਆਏ। ਬਾਜ਼ਾਰਾਂ ਵਿੱਚ ਵੀ ਧੁੱਪ ਨਿਕਲਣ ਨਾਲ ਕੁੱਝ ਰੌਣਕ ਵੇਖਣ ਨੂੰ ਮਿਲੀ। ਜਿੱਥੇ ਪਿਛਲੇ ਦਿਨਾਂ ਦੌਰਾਨ ਲੋਕ ਘਰਾਂ ‘ਚ ਹੀ ਰਹਿਣ ਨੂੰ ਤਰਜੀਹ ਦੇ ਰਹੇ ਸਨ, ਉੱਥੇ ਅੱਜ ਦੁਪਹਿਰ ਸਮੇਂ ਦੁਕਾਨਾਂ ‘ਤੇ ਗਾਹਕਾਂ ਦੀ ਗਿਣਤੀ ਵਧਦੀ ਨਜ਼ਰ ਆਈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਵਿੱਚ ਸਰਗਰਮ ਸੀਤ ਲਹਿਰ ਅਤੇ ਵਾਤਾਵਰਣ ਵਿੱਚ ਵਧੇਰੇ ਨਮੀ ਕਾਰਨ ਤਾਪਮਾਨ ਵਿੱਚ ਗਿਰਾਵਟ ਮਹਿਸੂਸ ਕੀਤੀ ਜਾ ਰਹੀ ਹੈ। ਹਵਾ ਦੀ ਰਫ਼ਤਾਰ ਘੱਟ ਹੋਣ ਅਤੇ ਧੁੱਪ ਕਮਜ਼ੋਰ ਰਹਿਣ ਕਾਰਨ ਠੰਢ ਦਾ ਅਸਰ ਲੰਬੇ ਸਮੇਂ ਤਕ ਬਣਿਆ ਰਹਿ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਸਵੇਰ-ਸ਼ਾਮ ਸੰਘਣੀ ਧੁੰਦ ਅਤੇ ਠੰਢੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਪੰਜ ਦਿਨ ਮੌਸਮ ਠੰਢਾ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਤਾਪਮਾਨ 9 ਤੋਂ 11 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਰਹਿਣ ਦੀ ਅਨੁਮਾਨ ਹੈ। ਇਨ੍ਹਾਂ ਦਿਨਾਂ ਦੌਰਾਨ ਹਵਾ ਵਿਚ ਨਮੀ ਦੀ ਮਾਤਰਾ 82 ਤੋਂ 95 ਫੀਸਦੀ ਰਹਿ ਸਕਦੀ ਹੈ ਜਦੋਂ ਕਿ ਹਵਾ ਦੀ ਗਤੀ 1 ਤੋਂ 2 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਜੇਕਰ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਰਹਿੰੰਦਾ ਹੈ ਤਾਂ ਮੌਸਮ ਵਿਭਾਗ ਇਸ ਦਿਨ ਨੂੰ ਕੋਲਡ ਡੇ ਦੀ ਸ੍ਰੇਣੀ ਵਿਚ ਰੱਖਦਾ ਹੈ ਪਰ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਅਨੁਸਾਰ ਅਗਲੇ ਦਿਨਾਂ ਦੌਰਾਨ ਸੀਤ ਲਹਿਰ ਤੇਜ ਹੋਣ ਤੇ ਸੰਘਣੀ ਧੁੰਦ ਪੈ ਸਕਦੀ ਹੈ।