ਨਸ਼ੇ ਦਾ ਕਹਿਰ ਜਾਰੀ: ਚਿੱਟੇ ਦੀ ਭੇਟ ਚੜ੍ਹਿਆ ਤਿੰਨ ਭੈਣਾਂ ਦਾ ਇਕਲੌਤਾ ਭਰਾ, ਮਾਪਿਆਂ ਦਾ ਬੁਢਾਪੇ ਦਾ ਸਹਾਰਾ ਟੁੱਟਿਆ
ਨੇੜਲੇ ਪਿੰਡ ਕਮਾਲੂ ਵਿੱਚ ਚਿੱਟੇ ਨਸ਼ੇ ਨੇ ਇਕ ਹੋਰ ਹੱਸਦੇ-ਖੇਡਦੇ ਘਰ ਦਾ ਚਿਰਾਗ ਬੁਝਾ ਦਿੱਤਾ। 20 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਨਾਲ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਵਾਸੀਆਂ ਮੁਤਾਬਕ ਬੀਤੇ ਦਿਨ ਗੁਰਪ੍ਰੀਤ ਸਿੰਘ ਦੀ ਲਾਸ਼ ਪਿੰਡ ਦੀ ਧਰਮਸ਼ਾਲਾ ਵਿੱਚ ਮਿਲੀ।
Publish Date: Fri, 27 Feb 2026 12:01 PM (IST)
Updated Date: Fri, 27 Feb 2026 12:06 PM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਬਠਿੰਡਾ - ਨੇੜਲੇ ਪਿੰਡ ਕਮਾਲੂ ਵਿੱਚ ਚਿੱਟੇ ਨਸ਼ੇ ਨੇ ਇਕ ਹੋਰ ਹੱਸਦੇ-ਖੇਡਦੇ ਘਰ ਦਾ ਚਿਰਾਗ ਬੁਝਾ ਦਿੱਤਾ। 20 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਨਾਲ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਵਾਸੀਆਂ ਮੁਤਾਬਕ ਬੀਤੇ ਦਿਨ ਗੁਰਪ੍ਰੀਤ ਸਿੰਘ ਦੀ ਲਾਸ਼ ਪਿੰਡ ਦੀ ਧਰਮਸ਼ਾਲਾ ਵਿੱਚ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਉਸ ਦੀ ਬਾਂਹ ਵਿੱਚ ਸਰਿੰਜ ਲੱਗੀ ਹੋਈ ਸੀ, ਜਿਸ ਕਾਰਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਘਰ ਦੀਆਂ ਤਿੰਨ ਭੈਣਾਂ ਦਾ ਸਹਾਰਾ। ਘਰ ਵਿੱਚ ਕਮਾਉਂਦੇ ਹੱਥ ਵਜੋਂ ਉਸ ਤੋਂ ਬਹੁਤ ਉਮੀਦਾਂ ਜੁੜੀਆਂ ਹੋਈਆਂ ਸਨ। ਉਸ ਦੀ ਅਚਾਨਕ ਮੌਤ ਨਾਲ ਮਾਂ-ਪਿਉ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਭੈਣਾਂ ਦੇ ਅੱਖਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ।
ਪਿੰਡ ਦੇ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਗਹਿਰਾ ਗੁੱਸਾ ਅਤੇ ਦੁੱਖ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮਾਂ ਅਤੇ ਦਾਅਵਿਆਂ ਦੇ ਬਾਵਜੂਦ ਚਿੱਟਾ ਅਜੇ ਵੀ ਨੌਜਵਾਨਾਂ ਦੀਆਂ ਜਿੰਦਗੀਆਂ ਨਿਗਲ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਇਸ ਮਾਰੂ ਬਲਾਅ ‘ਤੇ ਕਾਬੂ ਪਾਇਆ ਜਾਵੇ, ਤਾਂ ਜੋ ਹੋਰ ਕਿਸੇ ਘਰ ਦਾ ਚਿਰਾਗ ਇਸ ਤਰ੍ਹਾਂ ਨਾ ਬੁਝੇ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਮੇਂ ਸਿਰ ਕੜੀ ਕਾਰਵਾਈ ਨਾ ਕੀਤੀ ਗਈ ਤਾਂ ਕਈ ਹੋਰ ਪਰਿਵਾਰਾਂ ਨੂੰ ਵੀ ਐਸਾ ਅਸਹਿਣ ਦੁੱਖ ਸਹਿਣਾ ਪੈ ਸਕਦਾ ਹੈ।