ਸਿਵਲ ਸਰਜਨ ਦਾ ਰਾਮਪੁਰਾ ਹਸਪਤਾਲ 'ਚ ਅਚਨਚੇਤ ਨਿਰੀਖਣ, ਡਿਊਟੀ 'ਚ ਕੁਤਾਹੀ ਕਰਨ ਵਾਲਿਆਂ ਨੂੰ ਦਿੱਤੀ ਸਖ਼ਤ ਚਿਤਾਵਨੀ
ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਹਕੀਕਤ ਜਾਣਨ ਲਈ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਸਬ-ਡਿਵੀਜ਼ਨ ਹਸਪਤਾਲ ਰਾਮਪੁਰਾ ਦਾ ਅਚਾਨਕ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਉੱਥੇ ਦਾਖ਼ਲ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕਰਕੇ ਸਟਾਫ਼ ਦੀ ਕਾਰਜਪ੍ਰਣਾਲੀ ਬਾਰੇ ਫੀਡਬੈਕ ਲਈ।
Publish Date: Tue, 21 Apr 2026 03:16 PM (IST)
Updated Date: Tue, 21 Apr 2026 03:20 PM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ। ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਹਕੀਕਤ ਜਾਣਨ ਲਈ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਸਬ-ਡਿਵੀਜ਼ਨ ਹਸਪਤਾਲ ਰਾਮਪੁਰਾ ਦਾ ਅਚਾਨਕ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਉੱਥੇ ਦਾਖ਼ਲ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕਰਕੇ ਸਟਾਫ਼ ਦੀ ਕਾਰਜਪ੍ਰਣਾਲੀ ਬਾਰੇ ਫੀਡਬੈਕ ਲਈ।
ਦੌਰੇ ਦੌਰਾਨ ਸਿਵਲ ਸਰਜਨ ਨੇ ਓਪੀਡੀ, ਆਈਪੀਡੀ ਬਲਾਕ ਅਤੇ ਲੇਬਰ ਰੂਮ ਦੀ ਬਾਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਨੇ ਹਸਪਤਾਲ ਵਿੱਚ ਦਵਾਈਆਂ ਦੀ ਉਪਲਬਧਤਾ, ਸਟਾਫ਼ ਦੇ ਡਿਊਟੀ ਰੋਸਟਰ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਦੇਖਿਆ।
ਮਰੀਜ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਦੇ ਸਟਾਫ਼ ਵੱਲੋਂ ਨਿਭਾਈ ਜਾ ਰਹੀ ਡਿਊਟੀ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਲੈਬ, ਫਾਰਮੇਸੀ ਅਤੇ ਰਜਿਸਟ੍ਰੇਸ਼ਨ ਕਾਊਂਟਰ ਦਾ ਰਿਕਾਰਡ ਵੀ ਚੈੱਕ ਕੀਤਾ ਅਤੇ ਹਦਾਇਤ ਦਿੱਤੀ ਕਿ ਹਸਪਤਾਲ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਖੱਜਲ-ਖ਼ੁਆਰੀ ਨਹੀਂ ਹੋਣੀ ਚਾਹੀਦੀ।
ਸਿਵਲ ਸਰਜਨ ਨੇ ਡਾਕਟਰਾਂ ਨੂੰ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਖਣ ਦੀ ਪ੍ਰਥਾ ਬਿਲਕੁਲ ਬੰਦ ਕੀਤੀ ਜਾਵੇ ਅਤੇ ਹਸਪਤਾਲ ਵਿੱਚ ਮੌਜੂਦ ਦਵਾਈਆਂ ਹੀ ਦਿੱਤੀਆਂ ਜਾਣ। ਡੇਂਗੂ ਅਤੇ ਮਲੇਰੀਆ ਦੇ ਆਉਣ ਵਾਲੇ ਸੀਜ਼ਨ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਰਵੇ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ਦਾ ਇਲਾਜ ਵੀ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ, ਜਿਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਜ਼ਰੂਰੀ ਹੈ।
ਮੌਕੇ 'ਤੇ ਮੌਜੂਦ ਸੀਨੀਅਰ ਮੈਡੀਕਲ ਅਫ਼ਸਰ ਗੁਰਪ੍ਰੀਤ ਸਿੰਘ ਮਾਹਲ ਨੂੰ ਹਦਾਇਤ ਕੀਤੀ ਗਈ ਕਿ ਤਪਦਿਕ (ਟੀ.ਬੀ.) ਦੇ ਸ਼ੱਕੀ ਮਰੀਜ਼ਾਂ ਦੀ ਤੁਰੰਤ ਸਕਰੀਨਿੰਗ ਕਰਕੇ ਉਨ੍ਹਾਂ ਦਾ ਇਲਾਜ ਸਮੇਂ ਸਿਰ ਸ਼ੁਰੂ ਕੀਤਾ ਜਾਵੇ। ਸਿਵਲ ਸਰਜਨ ਨੇ ਚਿਤਾਵਨੀ ਦਿੱਤੀ ਕਿ ਹਸਪਤਾਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਅਜਿਹੇ ਅਚਾਨਕ ਦੌਰੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।