ਬਠਿੰਡਾ ਵਿੱਚ ਗੈਰ-ਕਾਨੂੰਨੀ ਗੋਦਾਮ ’ਤੇ ਖੇਤੀਬਾੜੀ ਵਿਭਾਗ ਦਾ ਵੱਡਾ ਛਾਪਾ
13 ਹਜ਼ਾਰ ਲੀਟਰ-ਕਿਲੋ ਤੋਂ
Publish Date: Wed, 10 Jun 2026 06:59 PM (IST)
Updated Date: Thu, 11 Jun 2026 04:06 AM (IST)

13 ਹਜ਼ਾਰ ਲੀਟਰ-ਕਿਲੋ ਤੋਂ ਵੱਧ ਸ਼ੱਕੀ ਖੇਤੀ ਪਦਾਰਥ ਬਰਾਮਦ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਖੇਤੀਬਾੜੀ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮਲੋਟ ਰੋਡ ਸਥਿਤ ਇੱਕ ਗੈਰ-ਅਧਿਕਾਰਤ ਗੋਦਾਮ ’ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਸ਼ੱਕੀ ਖੇਤੀਬਾੜੀ ਪਦਾਰਥ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਬੰਧਤ ਫਰਮ ਵਿਭਾਗ ਤੋਂ ਲਾਇਸੈਂਸ ਪ੍ਰਾਪਤ ਕੀਤੇ ਬਿਨਾਂ ਹੀ ਖੇਤੀ ਉਤਪਾਦਾਂ ਦਾ ਭੰਡਾਰਨ ਅਤੇ ਕਾਰੋਬਾਰ ਕਰ ਰਹੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬਰਾਮਦ ਕੀਤੇ ਪਦਾਰਥਾਂ ਦੇ ਨਮੂਨੇ ਜਾਂਚ ਲਈ ਪ੍ਰਯੋਗਸ਼ਾਲਾ ਭੇਜੇ ਗਏ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦੀ ਅਗਵਾਈ ਹੇਠ ਗਠਿਤ ਟੀਮ ਨੇ ਇਹ ਕਾਰਵਾਈ ਕੀਤੀ। ਵਿਭਾਗ ਨੂੰ ਪਹਿਲਾਂ ਹੀ ਸੂਚਨਾ ਮਿਲੀ ਸੀ ਕਿ ਮਲੋਟ ਰੋਡ ਸਥਿਤ ਇੱਕ ਗੋਦਾਮ ਵਿੱਚ ਬਿਨਾਂ ਮਨਜ਼ੂਰੀ ਵੱਡੀ ਮਾਤਰਾ ਵਿੱਚ ਖੇਤੀ ਨਾਲ ਸਬੰਧਤ ਪਦਾਰਥ ਸਟੋਰ ਕੀਤੇ ਜਾ ਰਹੇ ਹਨ। ਸੂਚਨਾ ਦੇ ਆਧਾਰ ’ਤੇ ਜਦੋਂ ਟੀਮ ਨੇ ਛਾਪਾ ਮਾਰਿਆ ਤਾਂ ਉਥੋਂ 17 ਵੱਖ-ਵੱਖ ਕਿਸਮਾਂ ਦੇ ਖੇਤੀਬਾੜੀ ਪਦਾਰਥ ਬਰਾਮਦ ਹੋਏ। ਜਾਂਚ ਦੌਰਾਨ ਕਰੀਬ 4 ਹਜ਼ਾਰ ਲੀਟਰ ਤਰਲ ਪਦਾਰਥ ਅਤੇ ਲਗਭਗ 9 ਹਜ਼ਾਰ ਕਿਲੋਗ੍ਰਾਮ ਪਾਊਡਰ ਰੂਪ ਸਮੱਗਰੀ ਬਰਾਮਦ ਕੀਤੀ ਗਈ। ਇਸ ਤਰ੍ਹਾਂ ਕੁੱਲ 13 ਹਜ਼ਾਰ ਲੀਟਰ-ਕਿਲੋਗ੍ਰਾਮ ਤੋਂ ਵੱਧ ਸਮੱਗਰੀ ਜ਼ਬਤ ਕੀਤੀ ਗਈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਗੋਦਾਮ ਮੈਸਰਜ਼ ਬੀ ਬਾਇਓ ਆਰਗੈਨਿਕ ਪ੍ਰਾਈਵੇਟ ਲਿਮਟਿਡ ਦੇ ਨਾਂ ’ਤੇ ਚਲਾਇਆ ਜਾ ਰਿਹਾ ਸੀ। ਵਿਭਾਗੀ ਜਾਂਚ ਤੋਂ ਬਾਅਦ ਖੇਤੀਬਾੜੀ ਵਿਕਾਸ ਅਫ਼ਸਰ-ਕਮ-ਖਾਦ ਇੰਸਪੈਕਟਰ ਦੀ ਸ਼ਿਕਾਇਤ ’ਤੇ ਥਾਣਾ ਥਰਮਲ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜ਼ੱਫਰਨਗਰ ਦੇ ਪਿੰਡ ਬਿਰਾਲਸੀ ਵਾਸੀ ਰਵੀ ਕੁਮਾਰ ਅਤੇ ਮਹਾਰਾਸ਼ਟਰ ਦੇ ਜ਼ਿਲ੍ਹਾ ਪੁਣੇ ਦੀ ਖੇੜ ਤਹਿਸੀਲ ਦੇ ਬੁਟਰਕ ਬਾਰਾਮਤੀ ਵਾਸੀ ਸਾਸ਼ਿਲ ਅਸ਼ਾਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਡਾ. ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਸਬੰਧਤ ਫਰਮ ਨੇ ਖੇਤੀਬਾੜੀ ਵਿਭਾਗ ਤੋਂ ਕਿਸੇ ਕਿਸਮ ਦਾ ਲਾਇਸੈਂਸ ਨਹੀਂ ਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਗੋਦਾਮ ਵਿੱਚੋਂ ਸਿੱਧੇ ਬਿੱਲ ਜਾਰੀ ਨਹੀਂ ਕੀਤੇ ਜਾਂਦੇ ਸਨ, ਸਗੋਂ ਕਿਸੇ ਹੋਰ ਥਾਂ ਤੋਂ ਬਿੱਲ ਕੱਟੇ ਜਾਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਕੁਝ ਪਦਾਰਥ ਅਜਿਹੇ ਹਨ ਜਿਨ੍ਹਾਂ ਨੂੰ ਪਹਿਲੀ ਨਜ਼ਰ ਵਿੱਚ ਖਾਦ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ। ਇਸ ਲਈ ਉਨ੍ਹਾਂ ਦੀ ਵਿਗਿਆਨਕ ਜਾਂਚ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਦੀ ਅਸਲ ਪ੍ਰਕਿਰਤੀ ਅਤੇ ਵਰਤੋਂ ਬਾਰੇ ਜਾਣਕਾਰੀ ਮਿਲ ਸਕੇ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਵਿਭਾਗ ਵੱਲੋਂ ਅਧਿਕਾਰਤ ਅਤੇ ਲਾਇਸੈਂਸਸ਼ੁਦਾ ਵਿਕਰੇਤਾਵਾਂ ਤੋਂ ਹੀ ਖਾਦ, ਉਰਵਰਕ ਅਤੇ ਹੋਰ ਖੇਤੀ ਉਤਪਾਦ ਖਰੀਦਣ। ਗੈਰ-ਪ੍ਰਮਾਣਿਤ ਉਤਪਾਦਾਂ ਦੀ ਵਰਤੋਂ ਨਾਲ ਨਾ ਸਿਰਫ਼ ਆਰਥਿਕ ਨੁਕਸਾਨ ਹੋ ਸਕਦਾ ਹੈ, ਸਗੋਂ ਫ਼ਸਲਾਂ ਦੀ ਗੁਣਵੱਤਾ ਅਤੇ ਉਤਪਾਦਨ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਅਜਿਹੇ ਗੈਰ-ਕਾਨੂੰਨੀ ਕਾਰੋਬਾਰੀਆਂ ਖ਼ਿਲਾਫ਼ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰੱਖੇਗਾ। ਦੂਜੇ ਪਾਸੇ, ਥਾਣਾ ਥਰਮਲ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।