ਰਿਸ਼ਵਤਖ਼ੋਰ ਡਰੱਗ ਇੰਸਪੈਕਟਰ ਦਾ ਪਿਆ ਪੰਗਾ: ਪੈਸਿਆਂ ਦੇ ਨਾਲ-ਨਾਲ ਦਵਾਈ ਫੈਕਟਰੀ 'ਚ ਮੰਗਦਾ ਸੀ ਹਿੱਸਾ, ਵਿਜੀਲੈਂਸ ਨੇ ਮੌਕੇ 'ਤੇ ਦਬੋਚਿਆ
ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਵਿਜੀਲੈਂਸ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਨੂੰ ਇੱਕ ਦਵਾਈ ਫੈਕਟਰੀ ਦੇ ਮਾਲਕ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
Publish Date: Sat, 07 Mar 2026 04:08 PM (IST)
Updated Date: Sat, 07 Mar 2026 04:10 PM (IST)

ਬਠਿੰਡਾ: ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਵਿਜੀਲੈਂਸ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਨੂੰ ਇੱਕ ਦਵਾਈ ਫੈਕਟਰੀ ਦੇ ਮਾਲਕ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ, ਸ਼ਿਕਾਇਤਕਰਤਾ ਰੋਮੀ, ਜੋ ਕਿ ਇੱਕ ਦਵਾਈ ਫੈਕਟਰੀ ਦਾ ਮਾਲਕ ਹੈ, ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਕਿ ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਇੰਸਪੈਕਟਰ ਵੱਲੋਂ ਫੈਕਟਰੀ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਲੰਬੀ ਗੱਲਬਾਤ ਤੋਂ ਬਾਅਦ ਸੌਦਾ 1 ਲੱਖ ਰੁਪਏ ਵਿੱਚ ਤੈਅ ਹੋਇਆ।
ਫੈਕਟਰੀ 'ਚ ਹਿੱਸੇਦਾਰੀ ਲਈ ਪਾ ਰਿਹਾ ਸੀ ਦਬਾਅ
ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਉਕਤ ਅਧਿਕਾਰੀ ਨਾ ਸਿਰਫ਼ ਪੈਸਿਆਂ ਦੀ ਮੰਗ ਕਰ ਰਿਹਾ ਸੀ, ਸਗੋਂ ਉਹ ਫੈਕਟਰੀ ਮਾਲਕ 'ਤੇ ਇਸ ਗੱਲ ਲਈ ਵੀ ਦਬਾਅ ਪਾ ਰਿਹਾ ਸੀ ਕਿ ਉਸ ਨੂੰ ਫੈਕਟਰੀ ਦੇ ਕਾਰੋਬਾਰ ਵਿੱਚ ਹਿੱਸੇਦਾਰ (Partner) ਬਣਾਇਆ ਜਾਵੇ।
ਮਾਲ ਰੋਡ ਤੋਂ ਹੋਈ ਗ੍ਰਿਫਤਾਰੀ
ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਨੇ ਜਾਲ ਵਿਛਾਇਆ ਅਤੇ ਅੱਜ ਜਿਵੇਂ ਹੀ ਇੰਸਪੈਕਟਰ ਬਠਿੰਡਾ ਦੇ ਮਾਲ ਰੋਡ 'ਤੇ ਰਿਸ਼ਵਤ ਦੀ ਰਕਮ ਵਸੂਲਣ ਪਹੁੰਚਿਆ, ਤਾਂ ਟੀਮ ਨੇ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ। ਵਿਜੀਲੈਂਸ ਵਿਭਾਗ ਨੇ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।