ਵਿਦੇਸ਼ ਭੇਜਣ ਦੇ ਨਾਂ 'ਤੇ ਵੱਡੀ ਠੱਗੀ: ਇਟਲੀ ਭੇਜਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਹੜੱਪੇ, ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਵਿਦੇਸ਼ ਜਾ ਕੇ ਸੁਨਹਿਰੀ ਭਵਿੱਖ ਬਣਾਉਣ ਦਾ ਸੁਫ਼ਨਾ ਇੱਕ ਨੌਜਵਾਨ ਲਈ ਉਸ ਵੇਲੇ ਮਹਿੰਗਾ ਸਾਬਤ ਹੋਇਆ, ਜਦੋਂ ਇੱਕ ਕਥਿਤ ਏਜੰਟ ਨੇ ਉਸ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪ ਲਏ। ਥਾਣਾ ਕੋਟਫੱਤਾ ਦੀ ਪੁਲਿਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ 'ਤੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
Publish Date: Fri, 17 Apr 2026 12:08 PM (IST)
Updated Date: Fri, 17 Apr 2026 12:11 PM (IST)
ਬਠਿੰਡਾ, ਦੀਪਕ ਸ਼ਰਮਾ, ਪੰਜਾਬੀ ਜਾਗਰਣ। ਵਿਦੇਸ਼ ਜਾ ਕੇ ਸੁਨਹਿਰੀ ਭਵਿੱਖ ਬਣਾਉਣ ਦਾ ਸੁਫ਼ਨਾ ਇੱਕ ਨੌਜਵਾਨ ਲਈ ਉਸ ਵੇਲੇ ਮਹਿੰਗਾ ਸਾਬਤ ਹੋਇਆ, ਜਦੋਂ ਇੱਕ ਕਥਿਤ ਏਜੰਟ ਨੇ ਉਸ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪ ਲਏ। ਥਾਣਾ ਕੋਟਫੱਤਾ ਦੀ ਪੁਲਿਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ 'ਤੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਕੋਟਫੱਤਾ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿੱਚ ਮਨਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ, ਵਾਸੀ ਘਸੋਖਾਨਾ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਜੱਸੀ ਬਾਗ ਵਾਲੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਹੋਈ ਸੀ। ਗੁਰਵਿੰਦਰ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਅਤੇ ਉਸ ਨੂੰ ਇਟਲੀ ਵਿੱਚ ਚੰਗੇ ਰੁਜ਼ਗਾਰ 'ਤੇ ਲਗਵਾ ਸਕਦਾ ਹੈ। ਏਜੰਟ ਦੀਆਂ ਗੱਲਾਂ ਵਿੱਚ ਆ ਕੇ ਮਨਪ੍ਰੀਤ ਨੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਉਸ ਨੂੰ ਕੁੱਲ 12 ਲੱਖ ਰੁਪਏ ਸੌਂਪ ਦਿੱਤੇ।
ਪੈਸੇ ਲੈਣ ਤੋਂ ਬਾਅਦ ਮੁਲਜ਼ਮ ਲਗਾਤਾਰ ਟਾਲ-ਮਟੋਲ ਕਰਨ ਲੱਗਾ ਅਤੇ ਨਾ ਤਾਂ ਉਸ ਨੇ ਮਨਪ੍ਰੀਤ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ। ਅਖੀਰ ਠੱਗੀ ਦਾ ਅਹਿਸਾਸ ਹੋਣ 'ਤੇ ਪੀੜਤ ਨੇ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਗਾਈ। ਜਾਂਚ ਅਧਿਕਾਰੀ ਸ:ਬ: ਜਗਤਾਰ ਸਿੰਘ ਅਨੁਸਾਰ ਸ਼ਿਕਾਇਤ ਦੀ ਮੁਢਲੀ ਪੜਤਾਲ ਤੋਂ ਬਾਅਦ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਵਿਰੁੱਧ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।