- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੀਬ ਸੱਤ ਸਾਲ ਪਹਿਲਾਂ ਇੰਟਰਨੈੱਟ ਮੀਡੀਆ ‘ਤੇ ਦੋਸਤੀ ਕਰ ਕੇ ਇਕ ਨਾਬਾਲਿਗ ਬੱਚੇ ਨੂੰ ਅਗਵਾ ਕਰਨ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਬਠਿੰਡਾ ਦੀ ਅਦਾਲਤ ਨੇ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਕਰੀਬ ਸੱਤ ਸਾਲ ਪਹਿਲਾਂ ਇੰਟਰਨੈੱਟ ਮੀਡੀਆ ‘ਤੇ ਦੋਸਤੀ ਕਰ ਕੇ ਇਕ ਨਾਬਾਲਿਗ ਬੱਚੇ ਨੂੰ ਅਗਵਾ ਕਰਨ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਬਠਿੰਡਾ ਦੀ ਅਦਾਲਤ ਨੇ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫੈਸਲੇ ਨਾਲ ਅਸੰਤੁਸ਼ਟੀ ਜਤਾਉਂਦੇ ਹੋਏ ਮ੍ਰਿਤਕ ਦੇ ਪਿਤਾ ਵਿਵੇਕ ਗਰਗ ਨੇ ਕਿਹਾ ਹੈ ਕਿ ਉਹ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਉੱਚ ਅਦਾਲਤ ਵਿਚ ਜਾਣਗੇ।
ਜਾਣਕਾਰੀ ਮੁਤਾਬਕ ਰਾਮਪੁਰਾ ਫੂਲ ਦੀ ਸ਼ਹੀਦ ਭਗਤ ਸਿੰਘ ਕਾਲੋਨੀ ਦਾ ਰਹਿਣ ਵਾਲਾ 16 ਸਾਲਾ ਖੁਸ਼ਾਂਤ ਗਰਗ ਉਰਫ਼ ਅਨਮੋਲ ਦੀ ਇੰਟਰਨੈੱਟ ਮੀਡੀਆ ਰਾਹੀਂ ਲੁਧਿਆਣਾ ਦੇ ਰਹਿਣ ਵਾਲੇ ਹਰਸ਼ ਉਰਫ਼ ਗਾਂਧੀ ਅਤੇ ਕਰਾੜਵਾਲਾ ਦੇ ਰਹਿਣ ਵਾਲੇ ਜਸਪ੍ਰੀਤ ਜੈਪੀ ਨਾਲ ਦੋਸਤੀ ਹੋ ਗਈ ਸੀ। ਅਨਮੋਲ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਆਪ ਨੂੰ ਅਮੀਰ ਪਰਿਵਾਰ ਨਾਲ ਸਬੰਧਤ ਦਿਖਾਉਂਦੇ ਹੋਏ ਮਹਿੰਗੀਆਂ ਕਾਰਾਂ ਤੇ ਬ੍ਰਾਂਡਿਡ ਕੱਪੜਿਆਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਾ ਸੀ। ਇਹ ਦੇਖ ਕੇ ਦੋਸ਼ੀਆਂ ਦੇ ਮਨ ਵਿਚ ਲਾਲਚ ਪੈਦਾ ਹੋ ਗਿਆ ਤੇ ਉਨ੍ਹਾਂ ਨੇ ਫਿਰੌਤੀ ਲਈ ਉਸ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚ ਲਈ।
ਫੋਟੋ ਖਿੱਚਣ ਦੇ ਬਹਾਨੇ ਘਰੋਂ ਬੁਲਾਇਆ
20 ਦਸੰਬਰ 2018 ਦੀ ਸ਼ਾਮ ਦੋਸ਼ੀਆਂ ਨੇ ਅਨਮੋਲ ਨੂੰ ਫੋਟੋ ਖਿੱਚਣ ਦੇ ਬਹਾਨੇ ਘਰੋਂ ਬੁਲਾ ਲਿਆ। ਇਸ ਤੋਂ ਬਾਅਦ ਉਹ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਨਾਲ ਕਿਸੇ ਥਾਂ ‘ਤੇ ਲੈ ਗਏ। ਦੇਰ ਸ਼ਾਮ ਤਕ ਜਦੋਂ ਅਨਮੋਲ ਘਰ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰ ਚਿੰਤਤ ਹੋ ਗਏ। ਇਸ ਦੌਰਾਨ ਰਾਤ ਕਰੀਬ ਨੌਂ ਵਜੇ ਅਨਮੋਲ ਦੇ ਮੋਬਾਈਲ ਨੰਬਰ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਆਇਆ। ਫੋਨ ਕਰਨ ਵਾਲਿਆਂ ਨੇ ਅਨਮੋਲ ਨੂੰ ਅਗਵਾ ਕਰਨ ਦੀ ਗੱਲ ਦੱਸਦਿਆਂ ਉਸ ਨੂੰ ਛੱਡਣ ਦੇ ਬਦਲੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਸ਼ੀ ਪੂਰੀ ਰਾਤ ਅਨਮੋਲ ਦੇ ਮੋਬਾਈਲ ਤੋਂ ਉਸ ਦੇ ਪਰਿਵਾਰ ਨੂੰ ਫੋਨ ਕਰਦੇ ਰਹੇ ਤੇ ਫਿਰੌਤੀ ਦੀ ਰਕਮ ਅਤੇ ਥਾਂ ਬਦਲਦੇ ਰਹੇ।
ਪੁਲਿਸ ਨੇ ਜਾਲ ਵਿਛਾ ਕੇ ਦੋਸ਼ੀ ਕੀਤੇ ਕਾਬੂ
ਪੂਰੀ ਰਾਤ ਦੀ ਤਲਾਸ਼ੀ ਦੇ ਬਾਅਦ ਪੁਲਿਸ ਨੇ ਤੜਕੇ ਕਰੀਬ 4 ਵਜੇ ਜਾਲ ਵਿਛਾ ਕੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਅਗਵਾ ਦੇ ਕੁਝ ਸਮੇਂ ਬਾਅਦ ਹੀ ਅਨਮੋਲ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਸਥਾਨਕ ਫੂਲ ਰੋਡ ਸਥਿਤ ਬੀੜ ਵਿੱਚੋਂ ਅਨਮੋਲ ਦੀ ਲਾਸ਼ ਬਰਾਮਦ ਕਰ ਲਈ। ਤੇਜ਼ਧਾਰ ਹਥਿਆਰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਸੀ। ਅਦਾਲਤ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਉਮਰ ਕੈਦ ਦਾ ਫੈਸਲਾ ਸੁਣਾਇਆ। ਅਦਾਲਤ ਨੇ ਗਾਂਧੀ ਨੂੰ 20 ਸਾਲ ਦੀ ਕੈਦ ਅਤੇ ਜਸਪ੍ਰੀਤ ਜੈਪੀ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ।