Bathinda News : ਜੰਡਿਆਲਾ ਗੁਰੂ ਦਾ ਨਸ਼ਾ ਤਸਕਰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ, 400 ਗਰਾਮ ਹੈਰੋਇਨ ਬਰਾਮਦ
ਸ਼ਹਿਰ ਵਿੱਚ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ-2 ਨੂੰ ਇੱਕ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਚੈਕਿੰਗ ਦੌਰਾਨ ਇਕ ਸ਼ਖ਼ਸ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
Publish Date: Tue, 17 Mar 2026 06:15 PM (IST)
Updated Date: Tue, 17 Mar 2026 06:17 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਵਿੱਚ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ-2 ਨੂੰ ਇੱਕ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਚੈਕਿੰਗ ਦੌਰਾਨ ਇਕ ਸ਼ਖ਼ਸ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਕਥਿਤ ਦੋਸ਼ੀ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਹੈ, ਜੋ ਬਠਿੰਡਾ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਕਰਨ ਦੀ ਫਿਰਾਕ ਵਿੱਚ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਦੇ ਤਾਰ ਹੋਰ ਕਿਹੜੇ ਵੱਡੇ ਤਸਕਰਾਂ ਨਾਲ ਜੁੜੇ ਹੋਏ ਹਨ ਅਤੇ ਉਹ ਇਹ ਖੇਪ ਕਿਸ ਨੂੰ ਦੇਣ ਆਇਆ ਸੀ।
ਸਥਾਨਕ ਸੈਕਟਰੀਏਟ ਵਿੱਚ ਕੀਤੀ ਗਈ ਪ੍ਰੈੱਸ ਵਾਰਤਾ ਦੌਰਾਨ ਐੱਸਪੀ. (ਇਨਵੈਸਟੀਗੇਸ਼ਨ) ਜਸਮੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ-2 ਦੀ ਟੀਮ ਮਹਾਵੀਰ ਦਲ ਹਸਪਤਾਲ ਬਠਿੰਡਾ ਦੇ ਨੇੜੇ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੇ ਇਕ ਸ਼ੱਕੀ ਨੌਜਵਾਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਮੁਲਜ਼ਮ ਦੀ ਪਛਾਣ ਜਸ਼ਨ ਵਾਸੀ ਬਾਜੀਗਰ ਬਸਤੀ ਨੇੜੇ ਦੁਸਹਿਰਾ ਗਰਾਊਂਡ ਜੰਡਿਆਲਾ ਗੁਰੂ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ। 19 ਸਾਲ ਦਾ ਉਕਤ ਨੌਜਵਾਨ ਸ਼ਹਿਰ ਵਿਚ ਕਿਰਾਏ ਦਾ ਆਟੋ ਚਲਾਉਦਾ ਸੀ।
ਐੱਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਕੋਤਵਾਲੀ ਬਠਿੰਡਾ ਵਿਖੇ ਐੱਨਡੀਪੀਘਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਰਾਹੀਂ ਨਸ਼ਾ ਸਪਲਾਈ ਦੀ ਪੂਰੀ ਚੇਨ ਦਾ ਪਰਦਾਫਾਸ਼ ਕੀਤਾ ਜਾ ਸਕੇ। ਪੁਲਿਸ ਵੱਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫੜੇ ਗਏ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਕੋਈ ਅਪਰਾਧਿਕ ਮਾਮਲੇ ਦਰਜ ਹਨ ਜਾਂ ਨਹੀਂ।