ਚਿੰਤਾਜਨਕ! ਲੁਟੇਰੇ ਮਜ਼ਦੂਰ ਤੋਂ ਲੱਸੀ ਦਾ ਡੋਲੂ ਖੋਹ ਕੇ ਫ਼ਰਾਰ, ਭਗਤਾ ਭਾਈ ਕਾ 'ਚ ਵਾਪਰੀ ਘਟਨਾ
ਸੂਬੇ ’ਚ ਹਰ ਰੋਜ਼ ਲੁੱਟ ਖੋਹ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਪਰ ਅੱਜ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਲੁੱਟ ਖੋਹ ਦੀ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ।
Publish Date: Mon, 19 Jan 2026 05:20 PM (IST)
Updated Date: Mon, 19 Jan 2026 05:37 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈ : ਸੂਬੇ ’ਚ ਹਰ ਰੋਜ਼ ਲੁੱਟ ਖੋਹ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਪਰ ਅੱਜ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਲੁੱਟ ਖੋਹ ਦੀ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ, ਪਿੰਡ ਦਿਆਲਪੁਰਾ ਮਿਰਜ਼ਾ ਦਾ ਗਰੀਬ ਪਰਿਵਾਰ ਨਾਲ ਸਬੰਧਤ ਮਜ਼ਦੂਰ ਲੱਡੂ ਸਿੰਘ ਪਿੰਡ ਦੇ ਕਿਸਾਨ ਤੇ ਪ੍ਰਸਿੱਧ ਕਾਰੋਬਾਰੀ ਤੀਰਥ ਸਿੰਘ ਸਿੱਧੂ ਦੇ ਘਰੋਂ ਲੱਸੀ ਦਾ ਡੋਲੂ ਲੈਕੇ ਆਪਣੇ ਘਰ ਜਾ ਰਿਹਾ ਸੀ ਤਾਂ ਅਚਾਨਕ ਦੋ ਮੋਟਰਸਾਈਕਲ ਸਵਾਰ ਉਸ ਤੋਂ ਲੱਸੀ ਦੀ ਡੋਲੂ ਖੋਹ ਕੇ ਫ਼ਰਾਰ ਗਏ। ਮਜ਼ਦੂਰ ਨੇ ਦੱਸਿਆ ਕਿ ਉਸਨੇ ਆਵਾਜ਼ਾਂ ਮਾਰ ਕੇ ਕਿਹਾ ਕਿ ਭਰਾਵਾ ਇਸ ’ਚ ਤਾਂ ਲੱਸੀ ਹੈ ਪਰ ਲੁਟੇਰੇ ਲੱਸੀ ਵਾਲਾ ਡੋਲੂ ਲੈ ਕੇ ਰਫੂਚੱਕਰ ਹੋ ਗਏ।
ਇਸ ਸਬੰਧੀ ਕਾਰੋਬਾਰੀ ਤੀਰਥ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ ਇਹ ਘਟਨਾ ਛੋਟੀ ਹੈ ਪਰ ਸੂਝਵਾਨ ਲੋਕਾਂ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਅੱਜ ਕੱਲ੍ਹ ਹਾਲਾਤ ਇੰਨੇ ਨਾਜ਼ੁਕ ਅਤੇ ਚਿੰਤਾਜਨਕ ਬਣੇ ਹੋਏ ਹਨ ਕਿ ਜਦੋਂ ਸਾਡੇ ਹੱਥ ’ਚ ਫੜਿਆ ਇਕ ਲੱਸੀ ਦਾ ਡੋਲਾ ਹੀ ਸੁਰੱਖਿਅਤ ਨਹੀਂ ਤਾ ਕੀਮਤੀ ਸਾਮਾਨ ਦੀ ਕੌਣ ਅਤੇ ਕਿਵੇਂ ਰਖਵਾਲੀ ਕਰੇਗਾ। ਉਨ੍ਹਾਂ ਕਿਹਾ ਕਿ ਹਾਲਾਤ ਐਨੇ ਨਿੱਘਰ ਚੁੱਕੇ ਹਨ ਕਿ ਸਵੇਰ-ਸ਼ਾਮ ਦੀ ਸੈਰ ਕਰਨ ਅਤੇ ਕੰਮ ਕਾਰ ਤੇ ਜਾਣ ਲਈ ਸੜਕਾਂ ’ਤੇ ਨਿਕਲਣਾ ਮੁਸ਼ਕਲ ਹੋ ਗਿਆ ਹੈ। ਲੋਕ ਆਪਣੇ ਘਰਾਂ ’ਚ ਵੀ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।