- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਠਵੀਂ ਜਮਾਤ ਦੇ ਸਾਇੰਸ ਪੇਪਰ ਵਿੱਚ ਵੱਡੀ ਗਲਤੀ, ਪੰਜਾਬੀ ਮੀਡੀਅਮ ਦੇ 15 ਅੰਕਾਂ ਦੇ ਪ੍ਰਸ਼ਨ ਗਾਇਬ

-ਹਿੰਦੀ ਤੇ ਅੰਗਰੇਜ਼ੀ ਮੀਡੀਅਮ ’ਚ ਸਨ ਪੂਰੇ ਪ੍ਰਸ਼ਨ, ਵਿਦਿਆਰਥੀਆਂ ਨੂੰ ਆਈ ਦਿੱਕਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਅੱਠਵੀਂ ਦੀਆਂ ਬੋਰਡ ਪ੍ਰੀਖਿਆਵਾਂ ਇਨ੍ਹਾਂ ਦਿਨਾਂ ਵਿਚ ਜਾਰੀ ਹਨ। ਇਸ ਸਿਲਸਿਲੇ ਤਹਿਤ ਸ਼ੁੱਕਰਵਾਰ ਨੂੰ ਸਾਇੰਸ ਵਿਸ਼ੇ ਦਾ ਪੇਪਰ ਹੋਇਆ, ਜਿਸ ਦੌਰਾਨ ਪੰਜਾਬੀ ਮੀਡੀਅਮ ਦੇ ਪ੍ਰਸ਼ਨ ਪੱਤਰ ਵਿੱਚ ਗੰਭੀਰ ਤਕਨੀਕੀ ਗਲਤੀ ਸਾਹਮਣੇ ਆਈ। ਪੰਜਾਬੀ ਮੀਡੀਅਮ ਦੇ ਪ੍ਰਸ਼ਨ ਪੱਤਰ ਵਿਚ ਪ੍ਰਸ਼ਨ ਨੰਬਰ 28 ਤੋਂ 30 ਤਕ ਛਪੇ ਹੀ ਨਹੀਂ ਸਨ, ਜਦਕਿ ਇਹੀ ਪ੍ਰਸ਼ਨ ਹਿੰਦੀ ਅਤੇ ਅੰਗਰੇਜ਼ੀ ਮੀਡੀਅਮ ਦੇ ਪ੍ਰਸ਼ਨ ਪੱਤਰਾਂ ਵਿੱਚ ਸਪੱਸ਼ਟ ਤੌਰ ’ਤੇ ਮੌਜੂਦ ਸਨ। ਪੰਜਾਬੀ ਮੀਡੀਅਮ ਵਿਚ ਪ੍ਰਸ਼ਨ ਨਾਂ ਛਪਣ ਕਾਰਨ ਵਿਦਿਆਰਥੀਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ।
ਸਾਇੰਸ ਦਾ ਪ੍ਰਸ਼ਨ ਪੱਤਰ ਕੁੱਲ 80 ਅੰਕਾਂ ਦਾ ਸੀ, ਪਰ ਪੰਜਾਬੀ ਮੀਡੀਅਮ ਦੇ ਵਿਦਿਆਰਥੀਆਂ ਨੂੰ ਕੇਵਲ 65 ਅੰਕਾਂ ਦੇ ਪ੍ਰਸ਼ਨ ਹੀ ਪ੍ਰਾਪਤ ਹੋਏ। ਬਾਕੀ 15 ਅੰਕਾਂ ਦੇ ਪ੍ਰਸ਼ਨ ਗਾਇਬ ਹੋਣ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਕਾਫ਼ੀ ਮਾਨਸਿਕ ਦਬਾਅ ਦਾ ਸਾਹਮਣਾ ਕਰਨਾ ਪਿਆ। ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਵਿਦਿਆਰਥੀਆਂ ਨੇ ਆਪਣੇ ਪ੍ਰਸ਼ਨ ਪੱਤਰ ਵਿੱਚ ਕਮੀ ਨੂੰ ਨੋਟ ਕੀਤਾ ਅਤੇ ਡਿਊਟੀ ‘ਤੇ ਤੈਨਾਤ ਅਧਿਆਪਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਕ ਵਾਰ ਪੇਪਰ ਵਿੱਚੋਂ ਪ੍ਰਸ਼ਨ ਗਾਇਬ ਹੋਣ ਕਾਰਨ ਵਿਦਿਆਰਥੀਆਂ ਵਿਚ ਘਬਰਾਹਟ ਪੈਦਾ ਹੋ ਗਈ। ਪ੍ਰੀਖਿਆ ਸੈਂਟਰਾਂ ਵਿਚ ਤਾਇਨਾਤ ਅਧਿਆਪਕਾਂ ਨੇ ਹਾਲਾਤ ਨੂੰ ਸੰਭਾਲਦੇ ਹੋਏ ਹਿੰਦੀ ਅਤੇ ਅੰਗਰੇਜ਼ੀ ਮੀਡੀਅਮ ਦੇ ਪ੍ਰਸ਼ਨ ਪੱਤਰਾਂ ਵਿੱਚੋਂ ਸਬੰਧਿਤ ਪ੍ਰਸ਼ਨ ਵੇਖ ਕੇ ਵਿਦਿਆਰਥੀਆਂ ਨੂੰ ਸਮਝਾਇਆ, ਤਾਂ ਜੋ ਉਹ ਆਪਣੀ ਪ੍ਰੀਖਿਆ ਢੰਗ ਨਾਲ ਪੂਰੀ ਕਰ ਸਕਣ। ਹਾਲਾਂਕਿ ਇਸ ਕਾਰਨ ਵਿਦਿਆਰਥੀਆਂ ਦਾ ਕੀਮਤੀ ਸਮਾਂ ਜ਼ਰੂਰ ਬਰਬਾਦ ਹੋਇਆ ਅਤੇ ਕਈ ਵਿਦਿਆਰਥੀ ਘਬਰਾਹਟ ਦਾ ਸ਼ਿਕਾਰ ਹੋ ਗਏ। ਭਾਵੇਂ ਪ੍ਰ੍ਸ਼ਨ ਪੱਤਰ ’ਚ ਤਕਨੀਕੀ ਗਲਤੀ ਕਾਰਨ ਪਰੇਸ਼ਾਨੀ ਵਧੀ, ਪਰ ਕਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਇੰਸ ਦਾ ਪੇਪਰ ਕੁੱਲ ਮਿਲਾ ਕੇ ਆਸਾਨ ਸੀ। ਜ਼ਿਆਦਾਤਰ ਪ੍ਰਸ਼ਨ ਸਿੱਧੇ ਸਿਲੇਬਸ ਵਿੱਚੋਂ ਪੁੱਛੇ ਗਏ ਸਨ ਅਤੇ ਲੰਬੇ ਜਾਂ ਜਟਿਲ ਪ੍ਰਸ਼ਨ ਘੱਟ ਸਨ। ਵਿਦਿਆਰਥੀਆਂ ਨੇ ਉਮੀਦ ਜਤਾਈ ਕਿ ਬੋਰਡ ਇਸ ਗਲਤੀ ਨੂੰ ਗੰਭੀਰਤਾ ਨਾਲ ਲਵੇਗਾ ਤੇ ਵਿਦਿਆਰਥੀਆਂ ਗ੍ਰੇਸ ਅੰਕ ਦੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰੇਗਾ।
ਮਾਪਿਆਂ ਨੇ ਬੋਰਡ ਤੋਂ ਮੰਗ ਕੀਤੀ ਹੈ ਕਿ ਪੰਜਾਬੀ ਮੀਡਿਅਮ ਦੇ ਵਿਦਿਆਰਥੀਆਂ ਨਾਲ ਹੋਏ ਨੁਕਸਾਨ ਦੀ ਯੋਗ ਭਰਪਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਨਾ ਹੋਵੇ, ਇਸ ਲਈ ਪ੍ਰਸ਼ਨ ਪੱਤਰਾਂ ਦੀ ਛਪਾਈ ਅਤੇ ਵੰਡ ਪ੍ਰਕਿਰਿਆ ਨੂੰ ਹੋਰ ਸਖ਼ਤ ਅਤੇ ਸੁਚਾਰੂ ਬਣਾਇਆ ਜਾਵੇ।
-ਬਾਕਸ-
-ਅਧਿਆਪਕ ਨੇ ਦੂਜੇ ਮੀਡੀਅਮ ਦੇ ਪ੍ਰਸ਼ਨ ਵੇਖ ਕੇ ਸਮਝਾਏ ਸਵਾਲ
ਪ੍ਰੀਖਿਆ ਦੇਣ ਆਏ ਵਿਦਿਆਰਥੀ ਬੰਟੀ ਨੇ ਦੱਸਿਆ ਕਿ ਜਦੋਂ ਉਸਨੇ ਪ੍ਰਸ਼ਨ ਪੱਤਰ ਵੇਖਿਆ ਤਾਂ ਅਖੀਰਲੇ ਹਿੱਸੇ ਦੇ ਕੁਝ ਸਵਾਲ ਗਾਇਬ ਸਨ। ਉਸਨੂੰ ਸਮਝ ਨਹੀਂ ਆਇਆ ਕਿ ਕੀ ਕਰਨਾ ਹੈ। ਬਾਅਦ ਵਿਚ ਉਸਨੇ ਇਹ ਮਾਮਲਾ ਪ੍ਰੀਖਿਆ ਕੇਂਦਰ ਵਿਚ ਤਾਇਨਾਤ ਅਧਿਆਪਕ ਦੇ ਧਿਆਨ ਵਿਚ ਲਿਆਂਦਾ, ਜਿਨ੍ਹਾਂ ਨੇ ਦੂਜੇ ਮੀਡੀਅਮ ਦੇ ਪ੍ਰਸ਼ਨ ਵੇਖ ਕੇ ਸਵਾਲ ਸਮਝਾਏ, ਜਿਸ ਤੋਂ ਬਾਅਦ ਹੀ ਉਹ ਉੱਤਰ ਲਿਖ ਸਕਿਆ। ਉਸਦਾ ਕਹਿਣਾ ਸੀ ਕਿ ਪ੍ਰਸ਼ਨ ਗਾਇਬ ਹੋਣ ਕਾਰਨ ਇਕ ਵਾਰ ਉਹ ਘਬਰਾ ਗਿਆ ਸੀ।
-ਬਾਕਸ-
-ਪੇਪਰ ਮਿਲਣ ’ਤੇ ਲੱਗਾ ਕਿ ਸ਼ਾਇਦ ਉਸਦਾ ਹੀ ਪ੍ਰਸ਼ਨ ਪੱਤਰ ਅਧੂਰਾ ਛਪਿਆ ਹੈ
ਵਿਦਿਆਰਥੀ ਅਰਜੁਨ ਨੇ ਕਿਹਾ ਕਿ ਸ਼ੁਰੂ ਵਿੱਚ ਉਸਨੂੰ ਲੱਗਿਆ ਕਿ ਸ਼ਾਇਦ ਉਸਦਾ ਪ੍ਰਸ਼ਨ ਪੱਤਰ ਅਧੂਰਾ ਛਪਿਆ ਹੋਇਆ ਹੈ, ਪਰ ਜਦੋਂ ਹੋਰ ਵਿਦਿਆਰਥੀਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਸਾਰੇ ਪੰਜਾਬੀ ਮੀਡੀਅਮ ਦੇ ਵਿਦਿਆਰਥੀਆਂ ਨਾਲ ਇਹੀ ਸਮੱਸਿਆ ਆਈ ਹੈ। ਉਸਨੇ ਕਿਹਾ ਕਿ ਜੇਕਰ ਸਮੇਂ ’ਤੇ ਮਦਦ ਨਾ ਮਿਲਦੀ ਤਾਂ ਕਈ ਸਵਾਲ ਛੁੱਟ ਸਕਦੇ ਸਨ। ਪਰ ਹੁਣ ਉਸਨੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੇ ਹਨ।
-ਬਾਕਸ-
-ਪੇਪਰ ਸੌਖਾ ਸੀ ਪਰ ਪ੍ਰਸ਼ਨ ਨਾ ਛਪਣ ਕਾਰਨ ਹੋਈ ਘਬਰਾਹਟ
ਵਿਦਿਆਰਥੀ ਵਿਕਾਸ ਨੇ ਦੱਸਿਆ ਕਿ ਪੇਪਰ ਕੁੱਲ ਮਿਲਾ ਕੇ ਆਸਾਨ ਸੀ, ਪਰ ਪੇਪਰ ਵਿੱਚੋਂ ਪ੍ਰਸ਼ਨਾਂ ਦੇ ਨਾਂ ਛਪਣ ਕਾਰਨ ਘਬਰਾਹਟ ਜ਼ਰੂਰ ਹੋਈ। ਉਸਨੇ ਕਿਹਾ ਕਿ ਸਾਇੰਸ ਦੇ ਜ਼ਿਆਦਾਤਰ ਪ੍ਰਸ਼ਨ ਸਿਲੇਬਸ ਵਿੱਚੋਂ ਹੀ ਪੁੱਛੇ ਗਏ ਸਨ ਅਤੇ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਪੇਪਰ ਮੁਸ਼ਕਲ ਨਹੀਂ ਸੀ। ਉਸਦਾ ਕਹਿਣਾ ਸੀ ਕਿ ਪੰਜਾਬੀ ਮੀਡੀਅਮ ਵਿਚ ਪ੍ਰਸ਼ਨ ਗਾਇਬ ਹੋਣ ਕਾਰਨ ਪ੍ਰੇਸ਼ਾਨੀ ਜਰੂਰ ਆਈ ਪਰ ਫ਼ਿਰ ਵੀ ਉਸਨੇ ਸਾਰੇ ਸਵਾਲਾਂ ਦੇ ਜਵਾਬ ਲਿਖੇ ਹਨ।