- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਲਈ ਆਫ਼ਤ ਬਣ ਵਰ੍ਹਿਆ 29.4 ਮਿਲੀਮੀਟਰ ਮੀਂਹ, ਫ਼ਸਲਾਂ ਦੇ ਹੋਰ ਨੁਕਸਾਨ ਦਾ ਖਦਸ਼ਾ, ਕਿਸਾਨਾਂ ਨੇ ਮੰਗਿਆ ਮੁਆਵਜ਼ਾ

-ਮੀਂਹ ਪੈਣ ਨਾਲ ਤਾਪਮਾਨ 4.4 ਡਿਗਰੀ ਸੈਲਸੀਅਸ ਘਟਿਆ, ਚਾਰ ਦਿਨ ’ਚ ਪਿਆ 38.4 ਮਿਲੀਮੀਟਰ ਮੀਂਹ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ’ਚ ਮੰਗਲਵਾਰ ਰਾਤ ਪਏ ਭਾਰੀ ਮੀਂਹ ਕਾਰਨ ਕਣਕ ਦੀ ਫਸਲ ਦੇ ਹੋਰ ਨੁਕਸਾਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਖੇਤਾਂ ਵਿੱਚ ਖੜੀ ਪੱਕੀ ਹੋਈ ਕਣਕ ਦੀ ਫਸਲ ਪਹਿਲਾਂ ਹੀ ਗੜੇਮਾਰੀ ਨਾਲ ਬਰਬਾਦ ਹੋ ਗਈ ਹੈ, ਪਰ ਹੁਣ ਧਰਤੀ ’ਤੇ ਡਿੱਗ ਚੁੱਕੀ ਫਸਲ ਵੀ ਖਰਾਬ ਹੋ ਸਕਦੀ ਹੈ। ਹੁਣ ਲਗਾਤਾਰ ਮੌਸਮ ਦੀ ਮਾਰ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਰਾਤ ਸਮੇਂ ਜ਼ਿਲ੍ਹੇ ਅੰਦਰ 29.4 ਮਿਲੀਮੀਟਰ ਮੀਂਹ ਪਿਆ ਹੈ। ਪਿੰਡ ਦਿਓਣ ਦੇ ਕਿਸਾਨ ਰਾਮਕਰਨ ਸਿੰਘ, ਬਲਜਿੰਦਰ ਸਿੰਘ, ਜਸਪ੍ਰੀਤ ਸਿੰਘ ਤੇ ਹਰਭਜਨ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗੜੇ ਪੈ ਰਹੇ ਸਨ, ਜਿਸ ਨਾਲ ਪੱਕੀ ਹੋਈ ਕਣਕ ਦੀ ਫਸਲ ਕਾਫ਼ੀ ਹੱਦ ਤੱਕ ਖਰਾਬ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਜੋ ਥੋੜ੍ਹੀ ਬਹੁਤ ਫਸਲ ਬਚੀ ਸੀ, ਉਹ ਵੀ ਬੀਤੀ ਰਾਤ ਦੀ ਤੇਜ਼ ਵਰਖਾ ਕਾਰਨ ਖੇਤਾਂ ’ਚ ਡਿੱਗ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਈ। ਕਿਸਾਨਾਂ ਦੇ ਅਨੁਸਾਰ ਹੁਣ ਹਾਲਾਤ ਅਜਿਹੇ ਹਨ ਕਿ ਕਣਕ ਦੀਆਂ ਬੱਲੀਆਂ ਵਿੱਚੋਂ ਦਾਣੇ ਨਿਕਲ ਕੇ ਧਰਤੀ ਉੱਪਰ ਡਿੱਗ ਗਏ ਹਨ।
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਸਹੀ ਅੰਦਾਜ਼ਾ ਲਾਇਆ ਜਾਵੇ ਤੇ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਗਰੀਬ ਕਿਸਾਨਾਂ ਦੇ ਸਾਹਮਣੇ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ, ਇਸ ਲਈ ਸਰਕਾਰ ਨੂੰ ਪ੍ਰਤੀ ਏਕੜ ਘੱਟੋ-ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ’ਚ ਤੁਰੰਤ ਕਾਰਵਾਈ ਦੀ ਅਪੀਲ ਵੀ ਕੀਤੀ ਹੈ। ਦਿਓਣ ਤੋਂ ਇਲਾਵਾ ਕੋਠੇ ਲਾਲ ਸਿੰਘ, ਕਿਲੀ ਨਿਹਾਲ ਸਿੰਘ ਅਤੇ ਕੋਠੇ ਸੰਧਵਾ ਪਿੰਡਾਂ ’ਚ ਵੀ ਕਣਕ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋਣ ਦੀ ਖ਼ਬਰ ਹੈ। ਇਨ੍ਹਾਂ ਪਿੰਡਾਂ ਵਿੱਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਪਹੁੰਚ ਕੇ ਫਸਲ ਦੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ ਤੇ ਕਿਸਾਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇ ਰਹੇ ਹਨ। ਕਿਸਾਨਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਕਜੁੱਟ ਹੋ ਕੇ ਉਨ੍ਹਾਂ ਦੀ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਜਲਦੀ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਮੁਆਵਜ਼ਾ ਨਾ ਮਿਲਿਆ, ਤਾਂ ਉਨ੍ਹਾਂ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ।
ਦੂਜੇ ਪਾਸੇ ਸ਼ਹਿਰ ’ਚ ਪਈ 29.4 ਐਮਐਮ ਵਰਖਾ ਕਾਰਨ ਕਈ ਇਲਾਕਿਆਂ ਵਿਚ ਪਾਣੀ ਖੜ੍ਹ ਜਾਣ ਦੀ ਸਥਿਤੀ ਬਣ ਗਈ। ਸੜਕਾਂ ’ਤੇ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਆਵਾਜਾਈ ’ਚ ਮੁਸ਼ਕਲ ਆਈ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਜ਼ਿਲ੍ਹੇ ਅੰਦਰ 9 ਮਿਲੀਮੀਟਰ ਮੀਂਹ ਪਿਆ ਸੀ। ਮੀਂਹ ਤੋਂ ਬਾਅਦ ਘੱਟ ਤੋਂ ਘੱਟ ਤਾਪਮਾਨ ਵਿਚ 4.4 ਡਿਗਰੀ ਸੈਲਸੀਅਸ ਦੀ ਘਾਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਘੱਟ ਤੋਂ ਘੱਟ ਤਾਪਮਾਨ 16.6 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ ਸੈਲਸੀਅਸ ਰਿਹਾ ਜਦੋਂ ਕਿ ਮੀਂਹ ਤੋਂ ਬਾਅਦ ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਘਟ ਗਿਆ ਹੈ। ਕੁੱਲ ਮਿਲਾ ਕੇ ਇਹ ਮੀਂਹ ਜਿੱਥੇ ਸ਼ਹਿਰ ਵਾਸੀਆਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ, ਉੱਥੇ ਕਿਸਾਨਾਂ ਲਈ ਇਹ ਕਿਸੇ ਆਫ਼ਤ ਤੋਂ ਘੱਟ ਨਹੀਂ ਰਿਹਾ।