Sad News : ਛੁੱਟੀ ਆਏ ਫ਼ੌਜੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਿਤਾ ਦੀ ਸਾਲਾਨਾ ਬਰਸੀ ਲਈ ਛੁੱਟੀ ਲੈ ਕੇ ਪਿੰਡ ਆਇਆ ਸੀ ਨਿਰਮਲਜੀਤ
ਉਹਨਾਂ ਦੱਸਿਆ ਕਿ ਮੰਗਲਵਾਰ ਦੀ ਬਾਅਦ ਦੁਪਹਿਰ ਜਦ ਉਹ ਉਸ ਦੇ ਘਰ ਗਏ ਤਾਂ ਇੱਕ ਕਮਰੇ ਚ ਪੱਖੇ ਦੇ ਨਾਲ ਉਸ ਦੀ ਲਾਸ਼ ਲਟਕ ਰਹੀ ਸੀ। ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਤੁਰੰਤ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵਾਪਰੀ ਘਟਨਾ ਬਾਰੇ ਜਾਣੂ ਕਰਾਇਆ।
Publish Date: Tue, 14 Apr 2026 07:34 PM (IST)
Updated Date: Tue, 14 Apr 2026 07:38 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਰੰਗੜ ਨੰਗਲ ਵਿਖੇ ਛੁੱਟੀ ਆਏ ਫ਼ੌਜੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮ੍ਰਿਤਕ ਫ਼ੌਜੀ ਦਾ ਪਰਿਵਾਰ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਗਿਆ ਹੋਇਆ ਸੀ ਅਤੇ ਪਿੱਛੋਂ ਘਰ 'ਚ ਇਕੱਲੇ ਫ਼ੌਜੀ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਿਰਮਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰੰਗੜ ਨੰਗਲ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੰਗੜ ਨੰਗਲ ਦੀ ਸਰਪੰਚ ਜਸਬੀਰ ਸਿੰਘ ਅਤੇ ਮਿਰਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਫ਼ੌਜ ਵਿੱਚ ਨੌਕਰੀ ਕਰਦਾ ਹੈ ਤੇ ਇਸ ਵੇਲੇ ਰਾਜਸਥਾਨ ਵਿਖੇ ਤਾਇਨਾਤ ਸੀ। ਉਹਨਾਂ ਦੱਸਿਆ ਕਿ ਬੀਤੇ ਦਿਨੀ ਉਹ ਛੁੱਟੀ ਲੈ ਕੇ ਆਪਣੇ ਪਿਤਾ ਦੀ ਸਾਲਾਨਾ ਬਰਸੀ ਲਈ ਪਿੰਡ ਆਇਆ ਹੋਇਆ ਸੀ। ਉਹਨਾਂ ਦੱਸਿਆ ਕਿ ਨਿਰਮਲਜੀਤ ਦੀ ਮਾਤਾ, ਉਸ ਦੀ ਪਤਨੀ ਅਤੇ ਬੱਚੇ ਸ੍ਰੀ ਹਜ਼ੂਰ ਸਾਹਿਬ ਵਿਖੇ ਯਾਤਰਾ ਲਈ ਗਏ ਹੋਏ ਸਨ ਅਤੇ ਉਹ ਘਰ ਵਿੱਚ ਇਕੱਲਾ ਰਹਿ ਰਿਹਾ ਸੀ।
ਉਹਨਾਂ ਦੱਸਿਆ ਕਿ ਮੰਗਲਵਾਰ ਦੀ ਬਾਅਦ ਦੁਪਹਿਰ ਜਦ ਉਹ ਉਸ ਦੇ ਘਰ ਗਏ ਤਾਂ ਇੱਕ ਕਮਰੇ ਚ ਪੱਖੇ ਦੇ ਨਾਲ ਉਸ ਦੀ ਲਾਸ਼ ਲਟਕ ਰਹੀ ਸੀ। ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਤੁਰੰਤ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵਾਪਰੀ ਘਟਨਾ ਬਾਰੇ ਜਾਣੂ ਕਰਾਇਆ।
ਉਧਰ ਡੀਐੱਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਅਤੇ ਥਾਣਾ ਰੰਗੜ ਨੰਗਲ ਦੇ ਐੱਸਐੱਚਓ ਗੁਰਇਕਬਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ।
ਡੀਐੱਸਪੀ ਹਰੀਸ਼ ਬਹਿਲ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ,ਪਤਨੀ ਅਤੇ ਸੱਤ ਅਤੇ ਨੌਂ ਸਾਲ ਦੇ ਬੇਟੇ ਛੱਡ ਗਿਆ ਹੈ।