Pathankot News : ਤਿੰਨ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਕੰਟੇਨਰ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਤ
ਮਲਿਕਪੁਰ ਓਵਰਬ੍ਰਿਜ ਨੇੜੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਰਾਂਝੇ ਦੇ ਕੋਠੇ, ਤਾਰਾਗੜ੍ਹ ਵਾਸੀ 35 ਸਾਲਾ ਪ੍ਰਵੀਨ ਕੁਮਾਰ ਵਜੋਂ ਹੋਈ ਹੈ, ਜੋ ਮਾਧੋਪੁਰ ਡੈਮ ਪ੍ਰੋਜੈਕਟ ’ਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
Publish Date: Tue, 02 Jun 2026 07:27 PM (IST)
Updated Date: Tue, 02 Jun 2026 07:30 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਮਲਿਕਪੁਰ ਓਵਰਬ੍ਰਿਜ ਨੇੜੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਰਾਂਝੇ ਦੇ ਕੋਠੇ, ਤਾਰਾਗੜ੍ਹ ਵਾਸੀ 35 ਸਾਲਾ ਪ੍ਰਵੀਨ ਕੁਮਾਰ ਵਜੋਂ ਹੋਈ ਹੈ, ਜੋ ਮਾਧੋਪੁਰ ਡੈਮ ਪ੍ਰੋਜੈਕਟ ’ਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ ਪ੍ਰਵੀਨ ਕੁਮਾਰ ਹਰ ਰੋਜ਼ ਵਾਂਗ ਆਪਣੀ ਹੀਰੋ ਡੀਲਕਸ ਬਾਈਕ ’ਤੇ ਡਿਊਟੀ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸਦਾ ਭਰਾ ਨਰਿੰਦਰ ਸਿੰਘ ਵੀ ਆਪਣੇ ਕੰਮ ਸਬੰਧੀ ਸੁਜਾਨਪੁਰ ਗਿਆ ਸੀ ਤੇ ਦੋਵੇਂ ਭਰਾ ਵੱਖ-ਵੱਖ ਬਾਈਕ 'ਤੇ ਘਰ ਵੱਲ ਪਰਤ ਰਹੇ ਸਨ। ਰਾਤ 11 ਵਜੇ ਜਦੋਂ ਉਹ ਮਲਿਕਪੁਰ ਓਵਰਬ੍ਰਿਜ ਹੇਠਾਂ ਪੁੱਜੇ ਤਾਂ ਪਿੱਛਿਓਂ ਆ ਰਹੇ ਅਸ਼ੋਕ ਲੇਲੈਂਡ ਕੰਟੇਨਰ ਨੇ ਲਾਪਰਵਾਹੀ ਨਾਲ ਪ੍ਰਵੀਨ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਪ੍ਰਵੀਨ ਸੜਕ 'ਤੇ ਡਿੱਗ ਪਿਆ ਤੇ ਕੰਟੇਨਰ ਦਾ ਪਹੀਆ ਉਸਦੀ ਲੱਤ ਉੱਪਰੋਂ ਲੰਘ ਗਿਆ।
ਹਾਦਸੇ ਉਪਰੰਤ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਜ਼ਖ਼ਮੀ ਹਾਲਤ ’ਚ ਪ੍ਰਵੀਨ ਨੂੰ ਇਲਾਜ ਲਈ ਐੱਸਕੇਆਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਨਰਿੰਦਰ ਸਿੰਘ ਦੇ ਬਿਆਨਾਂ ’ਤੇ ਹਰਿਆਣਾ ਦੇ ਜੀਂਦ ਵਾਸੀ ਕੰਟੇਨਰ ਡਰਾਈਵਰ ਪੁਨੀਤ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਤੇ ਇਕ 8 ਸਾਲ ਦਾ ਪੁੱਤਰ ਛੱਡ ਗਿਆ ਹੈ। ਪਰਿਵਾਰ ਨੇ ਦੋਸ਼ੀ ਡਰਾਈਵਰ ਦੀ ਜਲਦ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।