Batala News : ਮਾਮੂਲੀ ਤਕਰਾਰ ਤੋਂ ਬਾਅਦ ਕਿਰਚ ਮਾਰ ਕੇ ਰੇਹੜੀ ਚਾਲਕ ਬਜ਼ੁਰਗ ਦੀ ਹੱਤਿਆ, ਦੋ ਵਿਰੁੱਧ ਮਾਮਲਾ ਦਰਜ
ਮਾਮੂਲੀ ਤਕਰਾਰ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਇੱਕ ਮੋਟਰਸਾਈਕਲ ਰੇਹੜੀ ਚਾਲਕ ਬਜ਼ੁਰਗ ’ਚ ਮਾਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
Publish Date: Thu, 01 Jan 2026 06:38 PM (IST)
Updated Date: Thu, 01 Jan 2026 06:42 PM (IST)
ਸੁਖਦੇਵ ਸਿੰਘ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ, ਬਟਾਲਾ : ਮਾਮੂਲੀ ਤਕਰਾਰ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਇੱਕ ਮੋਟਰਸਾਈਕਲ ਰੇਹੜੀ ਚਾਲਕ ਬਜ਼ੁਰਗ ’ਚ ਮਾਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਮ੍ਰਿਤਕ ਵਿਅਕਤੀ ਦੀ ਪਛਾਣ ਨਿੰਮਾ 58 ਸਾਲ ਪੁੱਤਰ ਚੰਨਣ ਮਸੀਹ ਵਾਸੀ ਧਾਰੀਵਾਲ ਕਲਾਂ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੀ ਤਫਤੀਸ਼ੀ ਮਹਿਲਾ ਐੱਸਐੱਚਓ ਐੱਸਆਈ ਰਜਵੰਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਸੰਨੀ ਪੁੱਤਰ ਨਿੰਮਾ ਉਰਫ ਬਿੱਲਾ ਵਾਸੀ ਧਾਰੀਵਾਲ ਕਲਾਂ ਨੇ ਲਿਖਵਾਇਆ ਹੈ ਕਿ ਬੀਤੇ ਕੱਲ 31 ਦਸੰਬਰ ਨੂੰ ਉਹ ਆਪਣੇ ਕੰਮ ’ਤੇ ਬਟਾਲਾ ਆਇਆ ਹੋਇਆ ਸੀ ਕਿ ਉਸ ਨੂੰ ਦੁਪਹਿਰ 3 ਵਜੇ ਦੇ ਕਰੀਬ ਫੋਨ ਆਇਆ ਕਿ ਉਸਦੇ ਪਿਤਾ ਨਿੰਮਾ ਡੇਹਰੀਵਾਲ ਦਰੋਗਾ ਸਾਈਡ ਤੋਂ ਆਪਣੇ ਮੋਟਰਸਾਈਕਲ ਰੇਹੜੀ ’ਤੇ ਪਸ਼ੂ ਫੀਡ ਦੀਆਂ ਬੋਰੀਆਂ ਰੱਖ ਕੇ ਆਪਣੇ ਪਿੰਡ ਧਾਰੀਵਾਲ ਕਲਾਂ ਨੂੰ ਆ ਰਹੇ ਸੀ ਕਿ ਪਿੰਡ ਦੇ ਬਾਹਰਵਾਰ ਟੀ-ਪੁਆਇੰਟ ਡਰੇਨ ਨੇੇੜੇ ਉਨ੍ਹਾਂ ਦਾ ਮਾਮੂਲੀ ਗੱਲ ਨੂੰ ਲੈ ਕੇ ਸਪਲੈਂਡਰ ਸਵਾਰ ਦੋ ਨੌਜਵਾਨਾਂ ਨਾਲ ਝਗੜਾ ਹੋ ਗਿਆ ਹੈ। ਮੋਟਰ ਸਾਈਕਲ ਸਵਾਰਾਂ ਨੇ ਕਿਰਚ ਮਾਰ ਕੇ ਉਸਦੇ ਪਿਤਾ ਨੂੰ ਜ਼ਖ਼ਮੀ ਕਰ ਦਿੱਤਾ ਹੈ, ਜਿਸਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਜਾਇਆ ਗਿਆ ਹੈ, ਜਿਸ ’ਤੇ ਉਹ ਤੁਰੰਤ ਗੁਰਦਾਸਪੁਰ ਵਿਖੇ ਪਹੁੰਚਿਆ ਅਤੇ ਦੇਖਿਆ ਕਿ ਉਸਦੇ ਪਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਡਾਕਟਰਾਂ ਨੇ ਉਸਦੇ ਪਿਤਾ ਨੂੰ ਦੂਜੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ।
ਐੱਸਐੱਚਓ ਰਜਵੰਤ ਕੌਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਬਿਆਨਕਰਤਾ ਸੰਨੀ ਦੇ ਬਿਆਨਾਂ ’ਤੇ ਥਾਣਾ ਸੇਖਵਾਂ ਵਿਖੇ ਗੁਰਮੀਤ ਸਿੰਘ ਵਾਸੀ ਧਾਰੀਵਾਲ ਕਲਾਂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਮੁਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।