Batala News : ‘ਪੰਜ ਹਜ਼ਾਰ ਦਿਓ ਤੇ ਜੋ ਮਰਜ਼ੀ ਕੰਮ ਕਰੋ’, ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਸ਼ਵਤ ਮੰਗਣ ਵਾਲਾ ਟ੍ਰੈਫਿਕ ਇੰਚਾਰਜ ਮੁਅੱਤਲ
ਡੀਐੱਸਪੀ ਹੈਡ ਕੁਆਰਟਰ ਟੀਪੀ ਸਿੰਘ ਗੁਰਾਇਆ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇੱਕ ਮਾਮਲਾ ਆਇਆ ਹੈ, ਜਿਸ ਵਿੱਚ ਇਹ ਜਾਪਦਾ ਹੈ ਕਿ ਬਟਾਲਾ ਟ੍ਰੈਫਿਕ ਪੁਲਿਸ ਇੰਚਾਰਜ ਇੰਸਪੈਕਟਰ ਸਤਿੰਦਰ ਕੁਮਾਰ ਰਿਸ਼ਵਤ ਦੇ ਪੈਸੇ ਮੰਗ ਰਿਹਾ ਹੈ।
Publish Date: Sat, 11 Apr 2026 07:25 PM (IST)
Updated Date: Sat, 11 Apr 2026 07:27 PM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਪੁਲਿਸ ਦੇ ਟਰੈਫਿਕ ਵਿਭਾਗ ਦੇ ਇੰਚਾਰਜ ਦੀ ਰਿਸ਼ਵਤ ਦੇ ਪੈਸੇ ਮੰਗਣ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਉਪਰੰਤ ਬਟਾਲਾ ਦੇ ਐੱਸਐੱਸਪੀ ਵੱਲੋਂ ਟਰੈਫਿਕ ਇੰਚਾਰਜ ਨੂੰ ਤੁਰੰਤ ਮੁਅਤਲ ਕਰ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਟ੍ਰੈਫਿਕ ਪੁਲਿਸ ਇੰਚਾਰਜ ਇੰਸਪੈਕਟਰ ਸਤਿੰਦਰ ਕੁਮਾਰ ਕਿਸੇ ਤੋਂ ਰਿਸ਼ਵਤ ਦੇ ਪੈਸੇ ਮੰਗਦੇ ਦਿਖਾਈ ਦੇ ਰਹੇ ਹਨ। ਇੰਸਪੈਕਟਰ ਸਤਿੰਦਰ ਕੁਮਾਰ ਉਕਤ ਵਿਅਕਤੀ ਨਾਲ ਮਹੀਨੇ ਦੀ ਪੱਕੀ ਰਿਸ਼ਵਤ ਦਾ ਸੌਦਾ ਤੈਅ ਕਰ ਰਿਹਾ ਹੈ। ਵਾਇਰਲ ਵੀਡੀਓ ’ਚ ਟ੍ਰੈਫਿਕ ਇੰਚਾਰਜ ਕਹਿ ਰਿਹਾ ਕਿ ਤੂੰ 5 ਹਜ਼ਾਰ ਮਹੀਨਾ ਦੇ ਅਤੇ ਕੰਮ ਦਿਨ ਰਾਤ ਜੋ ਮਰਜ਼ੀ ਕਰ ਤੈਨੂੰ ਤੰਗੀ ਨਹੀਂ ਆਵੇਗੀ।
ਇਸੇ ਦੌਰਾਨ ਹੀ ਰਿਸ਼ਵਤ ਦੇ ਪੈਸੇ ਮੰਗਦਿਆਂ ਦੀ ਵੀਡੀਓ ਵੀ ਬਣਾਈ ਗਈ ਹੈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ, ਡੀਐੱਸਪੀ ਹੈਡ ਕੁਆਰਟਰ ਟੀਪੀ ਸਿੰਘ ਗੁਰਾਇਆ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇੱਕ ਮਾਮਲਾ ਆਇਆ ਹੈ, ਜਿਸ ਵਿੱਚ ਇਹ ਜਾਪਦਾ ਹੈ ਕਿ ਬਟਾਲਾ ਟ੍ਰੈਫਿਕ ਪੁਲਿਸ ਇੰਚਾਰਜ ਇੰਸਪੈਕਟਰ ਸਤਿੰਦਰ ਕੁਮਾਰ ਰਿਸ਼ਵਤ ਦੇ ਪੈਸੇ ਮੰਗ ਰਿਹਾ ਹੈ।
ਡੀਐੱਸਪੀ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ, ਉਸਨੂੰ ਮੁਅੱਤਲ ਕਰ ਦਿੱਤਾ ਅਤੇ ਉਸਨੂੰ ਪੁਲਿਸ ਲਾਈਨ ਭੇਜ ਦਿੱਤਾ। ਉਹਨਾਂ ਦੱਸਿਆ ਕਿ ਪੁਲਿਸ ਸੁਪਰਡੈਂਟ (ਡੀ) ਦੁਆਰਾ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ 15 ਦਿਨਾਂ ਦੇ ਅੰਦਰ ਪੂਰੀ ਹੋ ਜਾਵੇਗੀ। ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।