Batala News: ਜ਼ਮੀਨ ’ਤੇ ਕਬਜ਼ਾ ਲੈਣ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਫਾਇਰਿੰਗ, ਟਰੱਕ ਪਿੱਛੇ ਲੁਕ ਕੇ ਬਚਾਈ ਜਾਨ
ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਮੰਗ ਕੀਤੀ ਕਿ ਦੋਸ਼ੀ ਧਿਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਕਾਨੂੰਨਗੋ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ’ਤੇ ਕਰਨੈਲ ਸਿੰਘ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਆਏ ਸੀ। ਇਸ ਦੌਰਾਨ ਦੂਜੀ ਧਿਰ ਨੇ ਗੋਲੀ ਚਲਾ ਦਿੱਤੀ।
Publish Date: Tue, 06 Jan 2026 07:14 PM (IST)
Updated Date: Tue, 06 Jan 2026 07:21 PM (IST)
ਸੁਖਦੇਵ ਸਿੰਘ ਪੰਜਾਬੀ ਜਾਗਰਣ, ਬਟਾਲਾ : ਅਦਾਲਤ ਦੇ ਹੁਕਮਾਂ ’ਤੇ ਪਿੰਡ ਕਲੇਰਖੁਰਦ ਵਿੱਚ ਜ਼ਮੀਨ ’ਤੇ ਕਬਜ਼ਾ ਕਰਨ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਕਾਬਜ਼ ਧਿਰ ਨੇ ਗੋਲੀਬਾਰੀ ਕੀਤੀ ਹੈ। ਅਧਿਕਾਰੀਆਂ ਨੇ ਟਰੱਕ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਚੌਕੀ ਨੌਸ਼ਹਿਰਾ ਮੱਝਾ ਸਿੰਘ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਟਵਾਰੀ ਸਤਬੀਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਪਿੰਡ ਕਲੇਰ ਖੁਰਦ ਵਿੱਚ ਸੱਤ ਕਨਾਲ ਅਤੇ ਬਾਰਾਂ ਮਰਲੇ ਜ਼ਮੀਨ ਦੇ ਮਾਮਲੇ ਵਿੱਚ ਕਰਨੈਲ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਕਲੇਰ ਕਲਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ ਅਤੇ ਉਹ ਮੰਗਲਵਾਰ ਨੂੰ ਜ਼ਮੀਨ ’ਤੇ ਕਬਜ਼ਾ ਦਿਵਾਉਣ ਲਈ ਨਾਇਬ ਤਹਿਸੀਲਦਾਰ ਨੌਸ਼ਹਿਰਾ ਮੱਝਾ ਸਿੰਘ, ਕਾਨੂੰਗੋ ਲਖਵਿੰਦਰ ਸਿੰਘ ਅਤੇ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਨਾਲ ਪਹੁੰਚੇ ਸੀ। ਜਾਂਚ ਦੌਰਾਨ ਉਨ੍ਹਾਂ ਨੇ ਦੂਜੀ ਧਿਰ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਉਸ ਕੋਲ ਕੋਈ ਅਧਿਕਾਰਤ ਸਟੇਅ ਆਰਡਰ ਹਨ। ਇਸ ਦੌਰਾਨ ਦੂਜੀ ਧਿਰ ਨੇ ਕੁਝ ਅਣਪਛਾਤੇ ਲੋਕਾਂ ਨਾਲ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਚਾਰ ਪੰਜ ਰਾਊਂਡ ਫਾਇਰ ਕੀਤੇ ਗਏ ਅਤੇ ਉਨ੍ਹਾਂ ਨੇੜੇ ਖੜ੍ਹੇ ਟਰੱਕ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ।
ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਮੰਗ ਕੀਤੀ ਕਿ ਦੋਸ਼ੀ ਧਿਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਕਾਨੂੰਨਗੋ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ’ਤੇ ਕਰਨੈਲ ਸਿੰਘ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਆਏ ਸੀ। ਇਸ ਦੌਰਾਨ ਦੂਜੀ ਧਿਰ ਨੇ ਗੋਲੀ ਚਲਾ ਦਿੱਤੀ। ਮੌਕੇ ’ਤੇ ਪਹੁੰਚੇ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏਐੱਸਆਈ ਗੁਰਦੇਵ ਸਿੰਘ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ’ਤੇ ਮੌਕੇ ’ਤੇ ਪਹੁੰਚੇ ਸਨ ਪਰ ਦੂਜੀ ਧਿਰ ਨੇ ਕਬਜ਼ਾ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।