Batala Firing : ਪੁਲਿਸ ਵੱਲੋਂ ਕੱਢੇ ਗਏ ਫਲੈਗ ਮਾਰਚ ਤੋਂ ਬਾਅਦ ਸ਼ਹਿਰ 'ਚ ਫਾਇਰਿੰਗ ਦੀ ਘਟਨਾ, ਅਣਪਛਾਤੇ ਵਿਅਕਤੀ ਰੈਸਟੋਰੈਂਟ ਦੇ ਬਾਹਰ ਖੜ੍ਹੀਆਂ ਕਾਰਾਂ ’ਤੇ ਗੋਲ਼ੀਆਂ ਚਲਾ ਕੇ ਫ਼ਰਾਰ
ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸ਼ਾਮ ਸਮੇਂ ਕਰੀਬ 7:30 ਵਜੇ ਉਹ ਆਪਣੀਆਂ ਦੁਕਾਨਾਂ ’ਚ ਕੰਮ ਕਰ ਰਹੇ ਸਨ ਕਿ ਇਸ ਦੌਰਾਨ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਵਲੋਂ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਖੜੀਆਂ ਕਾਰਾਂ ’ਤੇ ਕਰੀਬ 6 ਤੋਂ 7 ਰੌਂਦ ਫਾਇਰਿੰਗ ਕੀਤੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ।
Publish Date: Tue, 02 Jun 2026 09:01 PM (IST)
Updated Date: Tue, 02 Jun 2026 09:07 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਅੱਜ ਦੇਰ ਸ਼ਾਮ ਬਟਾਲਾ ਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਦੀ ਪੋਲ ਉਸ ਸਮੇਂ ਖੁੱਲ੍ਹਦੀ ਨਜ਼ਰ ਆਈ ਜਦੋਂ ਅੱਜ ਸ਼ਾਮ ਸਮੇਂ ਐੱਸਐੱਸਪੀ ਬਟਾਲਾ ਜਿਥੇ ਇਕ ਪਾਸੇ ਪੁਲਸ ਅਧਿਕਾਰੀਆਂ ਨਾਲ ਸ਼ਹਿਰ ’ਚ ਫਲੈਗ ਮਾਰਚ ਕੱਢ ਰਹੇ ਸਨ, ਉੱਥੇ ਹੀ ਦੂਜੇ ਪਾਸੇ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਪੰਜਾਬ ਰੋਡਵੇਜ਼ ਡਿਪੂ ਦੇ ਸਾਹਮਣੇ ਦੀਨ ਦਿਆਲ ਉਪਾਦਿਆਏ ਮਾਰਕੀਟ ਬਟਾਲਾ ’ਚ ਅਣਪਛਾਤੇ ਵਿਅਕਤੀਆਂ ਵਲੋਂ ਇਕ ਰੈਸਟੋਰੈਂਟ ਦੇ ਬਾਹਰ ਖੜੀਆਂ ਕਾਰਾਂ ’ਤੇ ਫਾਇਰਿੰਗ ਕੀਤੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਕਤ ਮਾਰਕੀਟ ’ਚ ਪਿਛਲੇ 12 ਦਿਨਾਂ ’ਚ ਇਹ ਤੀਸਰੀ ਵਾਰ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਜਿਸਨੂੰ ਲੈ ਕੇ ਦੁਕਾਨਦਾਰਾਂ ’ਚ ਦਹਿਸਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸ਼ਾਮ ਸਮੇਂ ਕਰੀਬ 7:30 ਵਜੇ ਉਹ ਆਪਣੀਆਂ ਦੁਕਾਨਾਂ ’ਚ ਕੰਮ ਕਰ ਰਹੇ ਸਨ ਕਿ ਇਸ ਦੌਰਾਨ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਵਲੋਂ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਖੜੀਆਂ ਕਾਰਾਂ ’ਤੇ ਕਰੀਬ 6 ਤੋਂ 7 ਰੌਂਦ ਫਾਇਰਿੰਗ ਕੀਤੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪਿਛਲੇ 12 ਦਿਨਾਂ ’ਚ ਤੀਸਰੀ ਵਾਰ ਅਣਪਛਾਤੇ ਵਿਅਕਤੀਆਂ ਵਲੋਂ ਮਾਰਕੀਟ ਕਮੇਟੀ ’ਚ ਫਾਇਰਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧ ’ਚ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਰਕੀਟ ’ਚ ਫਾਇਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ।
ਉੱਥੇ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੀਆਈਏ ਸਟਾਫ ਬਟਾਲਾ ਦੇ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਅਤੇ ਥਾਣਾ ਸਿਟੀ ਤੋਂ ਐੱਸਆਈ ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਸਥਲ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲ਼ੀ ਚਲਾਉਣ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।