ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨਾ ਵਿਖੇ ਕਰਜ਼ੇ ਦੀ ਮਾਰ ਤੇ ਪਤਨੀ ਦੀ ਬਿਮਾਰੀ ਤੋ ਪਰੇਸ਼ਾਨ ਨੌਜਵਾਨ ਵੱਲੋਂ ਖੁਦਕੁਸ਼ੀ
ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨਾ ਵਿਖੇ ਕਰਜ਼ੇ ਦੀ ਮਾਰ ਅਤੇ ਪਤਨੀ ਦੀ ਬਿਮਾਰੀ ਦੇ ਇਲਾਜ ਕਾਰਨ ਲਗਾਤਾਰ ਵਧ ਰਹੇ ਆਰਥਿਕ ਬੋਝ ਤੋਂ ਪਰੇਸ਼ਾਨ 36 ਸਾਲਾ ਨੌਜਵਾਨ ਕਿਸਾਨ ਹਰਵਿੰਦਰ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।
Publish Date: Wed, 10 Jun 2026 06:20 PM (IST)
Updated Date: Wed, 10 Jun 2026 06:23 PM (IST)

ਜਸਵੀਤ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨਾ ਵਿਖੇ ਕਰਜ਼ੇ ਦੀ ਮਾਰ ਅਤੇ ਪਤਨੀ ਦੀ ਬਿਮਾਰੀ ਦੇ ਇਲਾਜ ਕਾਰਨ ਲਗਾਤਾਰ ਵਧ ਰਹੇ ਆਰਥਿਕ ਬੋਝ ਤੋਂ ਪਰੇਸ਼ਾਨ 36 ਸਾਲਾ ਨੌਜਵਾਨ ਕਿਸਾਨ ਹਰਵਿੰਦਰ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਇਸ ਮੌਕੇ ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀਵਾਨਾ ਦੇ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਹਰਵਿੰਦਰ ਸਿੰਘ ਨੇ ਸਿਰ ਚੜ੍ਹੇ ਕਰਜ਼ੇ ਅਤੇ ਘਰੇਲੂ ਪਰੇਸ਼ਾਨੀਆਂ ਕਾਰਨ ਖੇਤ ਵਿੱਚ ਜਾ ਕੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ, ਜਿਸ ਕਾਰਨ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਅਤੇ ਆਰਥਿਕ ਤੌਰ 'ਤੇ ਕਾਫ਼ੀ ਪਰੇਸ਼ਾਨ ਸੀ ਕਿਉਂਕਿ ਉਸ ਦੀ ਪਤਨੀ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲਣ ਕਾਰਨ ਪਰਿਵਾਰ 'ਤੇ ਖ਼ਰਚਾ ਲਗਾਤਾਰ ਵੱਧ ਰਿਹਾ ਸੀ । ਆਰਥਿਕ ਤੰਗੀ ਕਾਰਨ ਉਸ ਨੂੰ ਆਪਣੇ ਦੁੱਧਾਰੂ ਪਸ਼ੂ, ਟਰੈਕਟਰ ਅਤੇ ਕਿਰਾਏ 'ਤੇ ਚੱਲਣ ਵਾਲੀਆਂ ਟੈਕਸੀਆਂ ਵੀ ਵੇਚਣੀਆਂ ਪਈਆਂ ਸਨ, ਪਰ ਫਿਰ ਵੀ ਕਰਜ਼ੇ ਦਾ ਬੋਝ ਘੱਟ ਨਹੀਂ ਹੋਇਆ । ਥਾਣਾ ਟੱਲੇਵਾਲ ਦੇ ਮੁਖੀ ਸਰਬਜੀਤ ਸਿੰਘ ਅਨੁਸਾਰ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਦੇ ਬਿਆਨ ਦੇ ਆਧਾਰ 'ਤੇ ਧਾਰਾ 195 ਬੀਐੱਨਐੱਸਐੱਸ ਤਹਿਤ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਇਸ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਸਿਰ ਚੜ੍ਹਿਆ ਸਾਰਾ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਾ ਤੁਰੰਤ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਦੇ ਮੁੜ ਵਸੇਬੇ ਲਈ ਯੋਗ ਸਰਕਾਰੀ ਮੁਆਵਜ਼ਾ ਦਿੱਤਾ ਜਾਵੇ ।