ਔਰਤ ਕੋਲੋਂ ਨਕਦੀ ਤੇ ਮੋਬਾਈਲ ਖੋਹਿਆ
ਪਿੰਡ ਭੱਦਲਵੱਡ ਅੱਡੇ ’ਤੇ ਔਰਤ ਨਾਲ ਲੁੱਟ ਦੀ ਵਾਰਦਾਤ, ਰਕਮ ਤੇ ਮੋਬਾਇਲ ਖੋਹ ਕੇ ਦੋ ਨੌਜਵਾਨ ਫ਼ਰਾਰ
Publish Date: Wed, 07 Jan 2026 04:58 PM (IST)
Updated Date: Wed, 07 Jan 2026 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਪਿੰਡ ਭੱਦਲਵੱਡ ਵਿਖੇ ਲੁਧਿਆਣਾ ਬਰਨਾਲਾ ਮੁੱਖ ਮਾਰਗ ’ਤੇ ਬਣੇ ਬੱਸ ਸਟੈਂਡ ਤੇ ਇੱਕ ਔਰਤ ਨਾਲ ਲੁੱਟ ਖੋਹ ਦੀ ਵਾਰਦਾਤ ਵਾਪਰੀ ਹੈ। ਇਸ ਮੌਕੇ ਥਾਣਾ ਠੁੱਲੀਵਾਲ ਏਐੱਸਆਈ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੀਕਸਾ ਕੌਂਸਲ ਪਤਨੀ ਸੁਖਵਿੰਦਰ ਸਿੰਘ, ਵਾਸੀ ਭੱਦਲਵੱਡ, ਆਪਣੇ ਲੜਕੇ ਅਤੇ ਪਤੀ ਨਾਲ ਦਵਾਈ ਲੈਣ ਲਈ ਬਰਨਾਲਾ ਜਾਣ ਵਾਸਤੇ ਅੱਡੇ ’ਤੇ ਮੌਜੂਦ ਸੀ। ਇਸ ਦੌਰਾਨ ਬਰਨਾਲਾ ਵੱਲੋਂ ਕਾਲੇ ਰੰਗ ਦੇ ਦੋ-ਪਹੀਆ ਵਾਹਨ ’ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਔਰਤ ਦੇ ਨੇੜੇ ਆ ਕੇ ਉਸ ਦੇ ਹੱਥ ਵਿੱਚ ਫੜਿਆ ਹੋਇਆ ਪਰਸ ਅਤੇ ਮੋਬਾਈਲ ਝਪਟ ਮਾਰ ਕੇ ਖੋਹ ਲਿਆ। ਪਰਸ ਵਿੱਚ ਕਰੀਬ ਦਸ ਹਜ਼ਾਰ ਰੁਪਏ ਨਕਦੀ ਅਤੇ ਜ਼ਰੂਰੀ ਪਛਾਣ ਦਸਤਾਵੇਜ਼ ਮੌਜੂਦ ਸਨ, ਜਦਕਿ ਖੋਹਿਆ ਗਿਆ ਮੋਬਾਈਲ ਵੀਵੋ ਕੰਪਨੀ ਦਾ ਵੀ-ਤੇਈ ਪ੍ਰੋ ਮਾਡਲ ਦੱਸਿਆ ਗਿਆ ਹੈ। ਲੁੱਟ ਦੀ ਵਾਰਦਾਤ ਤੋਂ ਬਾਅਦ ਦੋਵੇਂ ਦੋਸ਼ੀ ਦੋ-ਪਹੀਆ ਵਾਹਨ ’ਤੇ ਤੇਜ਼ ਰਫ਼ਤਾਰ ਨਾਲ ਲਿੰਕ ਸੜਕ ਠੀਕਰੀਵਾਲ ਵੱਲ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 03 ਤਹਿਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਥਾਣਾ ਠੁੱਲੀਵਾਲ ਦੇ ਸਹਾਇਕ ਉਪ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਨਿਗਰਾਨੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।