ਖ਼ਰਾਬ ਮੌਸਮ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ
ਖ਼ਰਾਬ ਮੌਸਮ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ
Publish Date: Wed, 18 Mar 2026 04:23 PM (IST)
Updated Date: Wed, 18 Mar 2026 04:25 PM (IST)

-ਖੇਤਾਂ ’ਚ ਵਿਛ ਗਈ ਕਣਕ ਤੇ ਸਰ੍ਹੋਂ ਦੀ ਖੜ੍ਹੀ ਫਸਲ ਨਵਦੀਪ ਸੇਖਾ, ਪੰਜਾਬੀ ਜਾਗਰਣ ਬਰਨਾਲਾ : ਪਿਛਲੇ ਇੱਕ ਦੋ ਦਿਨਾਂ ’ਚ ਕਈ ਥਾਵਾਂ ’ਤੇ ਹਲਕੀ ਬਰਿਸ਼ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਮੌਸਮ ’ਚ ਅਚਾਨਕ ਤਬਦੀਲੀ ਆ ਗਈ। ਆਸਮਾਨ ’ਚ ਛਾਏ ਬੱਦਲਾਂ ਤੇ ਕਈਆਂ ਨਾਲ ਜਿੱਥੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ, ਉੱਥੇ ਹੀ ਖੇਤਾਂ ’ਚ ਪੱਕਣ ਕਿਨਾਰੇ ਪਹੁੰਚੀ ਕਣਕ ਤੇ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਵਧਿਆ ਹੈ। ਅਚਾਨਕ ਬਦਲੇ ਇਸ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਇਸ ਸਮੇਂ ਕਣਕ ਦੀ ਫਸਲ ਆਪਣੇ ਆਖਰੀ ਪੜਾਅ ’ਚ ਹੈ। ਇਲਾਕੇ ਦੇ ਕਈ ਪਿੰਡਾਂ ’ਚ ਖੇਤਾਂ ’ਚ ਖੜੀ ਕਣਕ ਤੇ ਸਰ੍ਹੋਂ ਦੀ ਫਸਲ ਤੇਜ਼ ਹਵਾਵਾਂ ਦੇ ਜ਼ੋਰ ਨਾਲ ਡਿੱਗਦੀ ਨਜ਼ਰ ਆ ਰਹੀ ਹੈ। ਇਸ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਪਰੇਸ਼ਾਨੀ ਸਾਫ਼ ਦਿਖਾਈ ਦੇ ਰਹੀ ਹੈ, ਕਿਉਂਕਿ ਸਰੋਂ ਦੀ ਫਸਲ ਦੀ ਕਟਾਈ ਦਾ ਸਮਾਂ ਨੇੜੇ ਆਉਣ ਨਾਲ ਫਸਲ ਨੂੰ ਹੋਇਆ ਨੁਕਸਾਨ ਉਨ੍ਹਾਂ ਲਈ ਵੱਡੀ ਮੁਸ਼ਕਿਲ ਬਣ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਖ਼ਰਾਬ ਰਿਹਾ ਤਾਂ ਕਣਕ ਦੇ ਝਾੜ ਤੇ ਸਿੱਧਾ ਅਸਰ ਪੈ ਸਕਦਾ ਹੈ। ਤੇਜ਼ ਹਵਾਵਾਂ ਕਾਰਨ ਕਈ ਖੇਤਾਂ ’ਚ ਕਣਕ, ਸਰ੍ਹੋਂ ਸਮੇਤ ਹੋਰ ਕਈ ਫਸਲਾਂ ਜ਼ਮੀਨ ਨਾਲ ਲੱਗ ਗਈਆਂ ਹਨ, ਜਿਸ ਨਾਲ ਦਾਣੇ ਦੀ ਗੁਣਵੱਤਾ ਘਟਣ ਅਤੇ ਪੈਦਾਵਾਰ ’ਚ ਕਮੀ ਆਉਣ ਦਾ ਖਤਰਾ ਬਣ ਗਿਆ ਹੈ। ਕੁਝ ਥਾਵਾਂ ਤੇ ਬਾਰਿਸ਼ ਦਾ ਪਾਣੀ ਵੀ ਖੇਤਾਂ ’ਚ ਖੜ੍ਹਾ ਹੋ ਗਿਆ ਹੈ, ਜਿਸ ਨਾਲ ਫਸਲ ਨੂੰ ਹੋਰ ਨੁਕਸਾਨ ਹੋ ਸਕਦਾ ਹੈ। ਅਗੇਤੀ ਕਣਕ ਦੀ ਫਸਲ ਜ਼ਮੀਨ ’ਤੇ ਵਿਛੀ, ਸਰ੍ਹੋਂ ਦੀ ਫਸਲ ਨੂੰ ਵੀ ਨੁਕਸਾਨ : ਕਿਸਾਨ ਇਸ ਸਬੰਧੀ ਕਿਸਾਨ ਰਣਧੀਰ ਸਿੰਘ ਸੇਖਾ, ਬੂਟਾ ਸਿੰਘ, ਹਰਨਾਮ ਸਿੰਘ, ਨਛੱਤਰ ਸਿੰਘ, ਗੁਰਨੈਬ ਸਿੰਘ, ਬੀਰਾ ਆਦਿ ਨੇ ਦੱਸਿਆ ਕਿ ਪਹਿਲਾਂ ਦਾ ਗਰਮੀ ਇੱਕ ਦਮ ਵਧ ਗਈ, ਪਰ ਹੁਣ ਇੱਕਦਮ ਮੌਸਮ ’ਚ ਤਬਦੀਲੀ ਆ ਗਈ ਹੈ। ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਕਈ ਕਿਸਾਨਾਂ ਦੀਆਂ ਕਣਕ ਤੇ ਸਰ੍ਹੋਂ ਦੀਆਂ ਖੜ੍ਹੀਆਂ ਫ਼ਸਲਾਂ ਪੂਰੀ ਤਰ੍ਹਾਂ ਨਾਲ ਹੇਠਾਂ ਵਿਛ ਗਈਆਂ ਹਨ। ਜਿਸ ਕਾਰਨ ਫ਼ਸਲ ਦੇ ਝਾੜ ’ਤੇ ਬਹੁਤ ਜ਼ਿਆਦਾ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਕੁਦਰਤ ਦੀ ਮਾਰ ਨੇ ਉਸ ਨੂੰ ਹੋਰ ਕੰਗਾਲੀ ’ਤੇ ਲਿਆ ਦੇਣਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਕਿਸਾਨਾਂ ਲਈ ਯੋਗ ਮੁਆਵਜ਼ੇ ਦਾ ਪ੍ਰਬੰਧ ਕਰੇ।