ਪ੍ਰਿੰਸੀਪਲ ਖ਼ਿਲਾਫ਼ ਪਿੰਡ ਵਾਸੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
ਪ੍ਰਿੰਸੀਪਲ ਖਿਲਾਫ਼ ਪਿੰਡ ਵਾਸੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
Publish Date: Wed, 25 Feb 2026 06:36 PM (IST)
Updated Date: Wed, 25 Feb 2026 06:40 PM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ ਬਰਨਾਲਾ : ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਅੱਠਵੀਂ ਦੀ ਪ੍ਰੀਖਿਆ ਲਈ ਇੱਕ ਵਿਦਿਆਰਥਣ ਦਾ ਰੋਲ ਨੰਬਰ ਜਾਰੀ ਨਾ ਕਰਨ ਦਾ ਵਿਵਾਦ ਹਾਲੇ ਮੱਠਾ ਨਹੀਂ ਪਿਆ ਦੂਜੇ ਪਾਸੇ ਸਬੰਧਿਤ ਪ੍ਰਿੰਸੀਪਲ ਹੋਰ ਵੱਡੇ ਸਵਾਲਾਂ ਦੇ ਘੇਰੇ ’ਚ ਘਿਰ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਖ਼ਿਲਾਫ਼ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਇੱਕ ਲਿਖਤੀ ਤੌਰ ਤੇ ਦਰਖ਼ਾਸਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਦਿੱਤੀ। ਪ੍ਰਿੰਸੀਪਲ ਸੰਜੇ ਸਿੰਗਲਾ ਖ਼ਿਲਾਫ਼ ਦਿੱਤੀ ਇਸ ਦਰਖ਼ਾਸਤ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ ਇਹ ਦਰਖ਼ਾਸਤ ਪਿੰਡ ਦੇ ਕਿਸੇ ਇੱਕ ਵਿਅਕਤੀ ਵੱਲੋਂ ਨਹੀਂ ਸਗੋਂ ਸਕੂਲ ਦੀ ਮੈਨੇਜਮੈਂਟ ਕਮੇਟੀ, ਪਿੰਡ ਦੀ ਪੰਚਾਇਤ, ਪਿੰਡ ਦੀ ਗੁਰਦੁਆਰਾ ਕਮੇਟੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਦਿੱਤੀ ਹੈ, ਜਿਨ੍ਹਾਂ ਨੇ ਦਰਖ਼ਾਸਤ ਦੇ ਉੱਪਰ ਬਕਾਇਦਾ ਦਸਤਖ਼ਤ ਵੀ ਕੀਤੇ ਹਨ। ਪਿੰਡ ਵਾਸੀਆਂ ਨੇ ਸੰਜੇ ਸਿੰਗਲਾ ਪ੍ਰਿੰਸੀਪਲ ਤੇ ਦੋਸ਼ ਲਗਾਏ ਕਿ ਉਸ ਦਾ ਸਕੂਲ ਦੀਆਂ ਵਿਦਿਆਰਥਣਾਂ ਨਾਲ ਵਿਵਹਾਰ ਵੀ ਚੰਗਾ ਨਹੀਂ ਹੈ। ਦਰਖ਼ਾਸਤ ’ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਕੁੜੀਆਂ ਨੂੰ ਚੁੰਨੀਆਂ ਲੈਣ ਤੋਂ ਵਰਜਣ ਤੇ ਖੇਡਾਂ ਖੇਡਣ ਤੋਂ ਰੋਕਣ ਸਬੰਧੀ ਮਾਮਲਾ ਜਦੋਂ ਪਿੰਡ ਵਾਸੀਆਂ ਦੇ ਧਿਆਨ ਆਇਆ ਤਾਂ ਪ੍ਰਿੰਸੀਪਲ ਨੇ ਪਿੰਡ ਦੇ ਪਤਵੰਤਿਆਂ ਤੋਂ ਮਾਫ਼ੀ ਮੰਗ ਕੇ ਖਹਿੜਾ ਛੁਡਵਾਇਆ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਲਈ ਬਿਨਾਂ ਕਿਸੇ ਕਾਰਨ ਤੋਂ ਇੱਕ ਵਿਦਿਆਰਥਣ ਦਾ ਰੋਲ ਨੰਬਰ ਰੋਕੇ ਜਾਣ ਦੀ ਘਟਨਾ ਕਾਰਨ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਦੀ ਜਨਮ ਭੂਮੀ ਪਿੰਡ ਠੀਕਰੀਵਾਲਾ ਦਾ ਨਾਮ ਸਮੁੱਚੇ ਪੰਜਾਬ ’ਚ ਚਰਚਾ ’ਚ ਰਿਹਾ। ਜਿਸ ਦਾ ਪਿੰਡ ਵਾਸੀਆਂ ਨੂੰ ਦੁੱਖ ਹੈ ਤੇ ਇਸ ਘਟਨਾ ਲਈ ਪ੍ਰਿੰਸੀਪਲ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਬੂਟਾ ਖਾਨ ਨੇ ਪ੍ਰਿੰਸੀਪਲ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੂੰ ਸਕੂਲ ’ਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਸਬੰਧੀ ਬਿਲਕੁਲ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਬਲਕਿ ਜਦੋਂ ਕਮੇਟੀ ਦੀ ਮੀਟਿੰਗ ਬੁਲਾਈ ਜਾਂਦੀ ਹੈ ਤਾਂ ਰਜਿਸਟਰ ਉੱਪਰ ਪਹਿਲਾਂ ਹੀ ਮਤਾ ਲਿਖਿਆ ਹੁੰਦਾ ਹੈ ਤੇ ਕਮੇਟੀ ਮੈਂਬਰਾਂ ਤੋਂ ਦਸਤਖ਼ਤ ਹੀ ਕਰਵਾਏ ਜਾਂਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਪਿੰਡ ’ਚ ਕਿਸੇ ਦੇ ਘਰ ਕੋਈ ਖੁਸ਼ੀ ਗਮੀ ਦਾ ਸਮਾਗਮ ਹੁੰਦਾ ਹੈ ਤਾਂ ਲੋਕ ਸਕੂਲ ਨੂੰ ਦਾਨ ਵਜੋਂ ਆਰਥਿਕ ਸਹਾਇਤਾ ਦਿੰਦੇ ਹਨ ਪਰ ਪ੍ਰਿੰਸੀਪਲ ਵੱਲੋਂ ਕੋਈ ਪਰਚੀ ਕੱਟ ਕੇ ਨਹੀਂ ਦਿੱਤੀ ਜਾਂਦੀ। ਉਨ੍ਹਾਂ ਪੈਸਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਪਿੰਡ ਦੀ ਪੰਚਾਇਤ, ਗੁਰਦੁਆਰਾ ਕਮੇਟੀ ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਦੀ ਤੁਰੰਤ ਬਦਲੀ ਕੀਤੀ ਜਾਵੇ ਤੇ ਸਕੂਲ ਵਿੱਚ ਮਹਿਲਾ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਜਾਵੇ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਹੁਣ ਮੌਜੂਦਾ ਪ੍ਰਿੰਸੀਪਲ ਨੂੰ ਸਕੂਲ ’ਚ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ, ਜੇਕਰ ਪ੍ਰਿੰਸੀਪਲ ਦੀ ਬਦਲੀ ਸਬੰਧੀ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਪਿੰਡ ਵਾਸੀ ਸੰਘਰਸ਼ ਵੀ ਸ਼ੁਰੂ ਕਰਨਗੇ। ਅੱਠਵੀਂ ਕਲਾਸ ਦੀ ਬੋਰਡ ਪ੍ਰੀਖਿਆ ਦਾ ਰੋਲ ਨੰਬਰ ਰੋਕੇ ਜਾਣ ਸਬੰਧੀ ਤਾਂ ਸਬੰਧਿਤ ਪਰਿਵਾਰ ਨਾਲ ਭਾਵੇਂ ਕਥਿਤ ਤੌਰ ’ਤੇ ਰਾਜ਼ੀਨਾਮਾ ਹੋ ਗਿਆ, ਪਰ ਹੁਣ ਵੇਖਣਯੋਗ ਹੋਵੇਗਾ ਕਿ ਸਿੱਖਿਆ ਵਿਭਾਗ ਪ੍ਰਿੰਸੀਪਲ ਦੇ ਖ਼ਿਲਾਫ਼ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਪਿੰਡ ਵਾਸੀਆਂ ਦੀ ਦਰਖਾਸਤ ਨੂੰ ਠੰਢੇ ਵਸਤੇ ਵਿੱਚ ਪਾ ਦਿੱਤਾ ਜਾਵੇਗਾ। ਵਿਦਿਆਰਥਣ ਦਾ ਰੋਲ ਨੰਬਰ ਰੋਕੇ ਜਾਣ ਸਬੰਧੀ ਕਾਰਵਾਈ ਨੂੰ ਭਾਵੇਂ ਸਮਝੌਤੇ ਦਾ ਲੇਬਲ ਲਗਾ ਕੇ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪ੍ਰਿੰਸੀਪਲ ਤੇ ਵਿਦਿਆਰਥਣਾਂ ਨਾਲ ਦੁਰਵਿਵਹਾਰ ਸਮੇਤ ਦਿੱਤੀ ਗੜਬੜੀਆਂ ਦੇ ਲੱਗੇ ਦੋਸ਼ਾਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਅੱਖੋਂ ਪਰੋਖੇ ਕਰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਪਿੰਡ ਵਾਸੀਆਂ ਵੱਲੋਂ ਇੱਕ ਸ਼ਿਕਾਇਤ ਮੁੱਖ ਮੰਤਰੀ ਸ਼ਿਕਾਇਤ ਖਿੜਕੀ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਹੈ। ਜਦੋਂ ਇਸ ਸਬੰਧੀ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਕੂਲ ’ਚ ਜੋ ਇੱਕ ਵਿਦਿਆਰਥਣ ਦਾ ਵਿਵਾਦ ਸੀ, ਉਸ ਵਿਵਾਦ ਨੂੰ ਉਨ੍ਹਾਂ ਠੱਲ੍ਹ ਪਾਉਣ ਲਈ ਉਸ ਪਰਿਵਾਰ ਨਾਲ ਪੰਚਾਇਤੀ ਰਾਜੀਨਾਮਾ ਹੋ ਗਿਆ ਹੈ, ਹੋਰ ਪਿੰਡ ਦੇ ਲੋਕਾਂ ਨਾਲ ਉਨ੍ਹਾਂ ਦਾ ਕਿਸੇ ਵੀ ਕਿਸਮ ਦਾ ਕੋਈ ਗਿਲਵਾ ਸਿਕਵਾ ਨਹੀਂ ਤੇ ਨਾ ਹੀ ਕੋਈ ਸ਼ਿਕਾਇਤ ਹੈ।