ਵਜੀਦਕੇ ਕਲਾਂ ਗੰਦੇ ਪਾਣੀ ਦੀ ਮਾਰ ਹੇਠ, ਸਕੂਲ ਚਾਰੇ ਪਾਸਿਓਂ ਘਿਰਿਆ
ਪਿੰਡ ਵਜੀਦਕੇ ਕਲਾਂ ਗੰਦੇ ਪਾਣੀ ਦੀ ਮਾਰ ਹੇਠ, ਸਕੂਲ ਚਾਰੇ ਪਾਸਿਆਂ ਤੋਂ ਘਿਰਿਆ
Publish Date: Wed, 28 Jan 2026 05:59 PM (IST)
Updated Date: Wed, 28 Jan 2026 06:01 PM (IST)

- ਏਡੀਸੀ ਦੇ ਭਰੋਸੇ ਮਗਰੋਂ ਐੱਸਡੀਓ ਵੱਲੋਂ ਮੌਕੇ ਦਾ ਜਾਇਜ਼ਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਕਲਾਂ ’ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਲਾਤ ਲਗਾਤਾਰ ਗੰਭੀਰ ਬਣੇ ਹੋਏ ਹਨ। ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਚਾਰੇ ਪਾਸਿਆਂ ਤੋਂ ਗੰਦੇ ਪਾਣੀ ਨਾਲ ਘਿਰ ਚੁੱਕਾ ਹੈ, ਜਿਸ ਕਾਰਨ ਸਕੂਲ ਵਿੱਚ ਪੜ੍ਹਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਸਕੂਲ ਪਹੁੰਚਣਾ ਮੁਸ਼ਕਲ ਹੀ ਨਹੀਂ, ਸਗੋਂ ਖ਼ਤਰਨਾਕ ਵੀ ਬਣ ਗਿਆ ਹੈ। ਗੰਦੇ ਪਾਣੀ ਦੇ ਇਕੱਠੇ ਹੋਣ ਕਾਰਨ ਬੱਚੇ ਜਾਨ ਜੋਖ਼ਮ ’ਚ ਪਾ ਕੇ ਇਸ ਪਾਣੀ ’ਚੋਂ ਲੰਘ ਕੇ ਸਕੂਲ ਜਾਣ ਲਈ ਮਜਬੂਰ ਹਨ, ਜਦਕਿ ਕਈ ਬੱਚੇ ਡਰ ਦੇ ਮਾਰੇ ਘਰਾਂ ਵਿੱਚ ਹੀ ਰਹਿ ਜਾਂਦੇ ਹਨ। ਸਕੂਲ ਦੇ ਨੇੜੇ ਬਣਿਆ ਪਾਰਕ ਅਤੇ ਸ਼ਹੀਦ ਰਹਿਮਤ ਅਲੀ ਦੇ ਬੁੱਤ ਦੇ ਆਲੇ-ਦੁਆਲੇ ਵੀ ਗੰਦਾ ਪਾਣੀ ਇਕੱਠਾ ਹੋ ਕੇ ਛੱਪੜ ਦਾ ਰੂਪ ਧਾਰ ਚੁੱਕਾ ਹੈ, ਜਿਸ ਨਾਲ ਕਿਸੇ ਵੀ ਵੇਲੇ ਭਿਆਨਕ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਸ਼ਹੀਦ ਰਹਿਮਤ ਅਲੀ ਦਾ ਇਹ ਪਿੰਡ ਇਸ ਸਮੇਂ ਗੰਦੇ ਪਾਣੀ ਦੀ ਭਿਆਨਕ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਅੱਜ ਏਡੀਸੀ ਬਰਨਾਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ, ਜਿਸ ਉਪਰੰਤ ਏਡੀਸੀ ਵੱਲੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਕੀਤਾ ਗਿਆ, ਤਾਂ ਪਿੰਡ ਵਾਸੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਦੌਰਾਨ ਪੰਚਾਇਤ ਵਿਭਾਗ ਦੇ ਐੱਸਡੀਓ ਜਸਕਰਨਜੀਤ ਸਿੰਘ ਨੇ ਪਿੰਡ ਵਜੀਦਕੇ ਕਲਾਂ ਵਿੱਚ ਪੁੱਜ ਕੇ ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਨਰੇਗਾ ਜੇਈ ਇੰਦਰਜੀਤ ਸਿੰਘ ਸਮੇਤ ਹੋਰ ਵਿਭਾਗੀ ਕਰਮਚਾਰੀ ਵੀ ਹਾਜ਼ਰ ਸਨ। ਅਧਿਕਾਰੀਆਂ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਸੰਬੰਧੀ ਸੰਭਾਵਿਤ ਹੱਲਾਂ ਬਾਰੇ ਜਾਣਕਾਰੀ ਲੈ ਕੇ ਸਥਿਤੀ ਦੀ ਜਾਂਚ ਕੀਤੀ ਗਈ। ਇਸ ਮੌਕੇ ਸਾਬਕਾ ਸਰਪੰਚ ਸਿੰਗਰਾ ਸਿੰਘ, ਮਨਦੀਪ ਸਿੰਘ ਗੋਲੀ, ਜਗਰਾਜ ਸਿੰਘ, ਅਮਰਜੀਤ ਸਿੰਘ, ਰਾਮਾ ਸਿੰਘ, ਕੁਲਵਿੰਦਰ ਸਿੰਘ ਕਿੰਦਾ ਆਦਿ ਹਾਜ਼ਰ ਸਨ।