ਸਾਡੇ ਬਜ਼ੁਰਗ ਸਾਡਾ ਮਾਣ ਕੈਂਪ ਬਿਰਧਾਂ ਲਈ ਨਿਮਾਣਾ ਉਪਰਾਲਾ : ਡੀਸੀ
ਸਾਡੇ ਬਜ਼ੁਰਗ ਸਾਡਾ ਮਾਣ ਕੈਂਪ ਬਿਰਧਾਂ ਲਈ ਨਿਮਾਣਾ ਉਪਰਾਲਾ: ਡੀਸੀ ਹਰਪ੍ਰੀਤ ਸਿੰਘ
Publish Date: Wed, 11 Feb 2026 05:01 PM (IST)
Updated Date: Wed, 11 Feb 2026 05:05 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੀ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਟੇਟ ਐਕਸ਼ਨ ਪਲਾਨ ਫ਼ਾਰ ਸੀਨੀਅਰ ਸਿਟੀਜਨ 2025-26 ਅਧੀਨ ਸ਼ਹੀਦ ਭਗਤ ਸਿੰਘ ਪਾਰਕ ਬਰਨਾਲਾ ’ਚ ਜ਼ਿਲ੍ਹਾ ਪੱਧਰੀ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਬਜ਼ੁਰਗਾਂ ਨੂੰ ਸਾਰੀਆਂ ਸਹੂਲਤਾਂ ਇਕੋ ਛੱਤ ਹੇਠਾਂ ਦੇਣ ਦਾ ਨਿਮਾਣਾ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਬੈਂਕਾਂ, ਕਾਨੂੰਨੀ ਸੇਵਾਵਾਂ, ਸੈਲਫ ਹੈਲਪ ਗਰੁੱਪਾਂ, ਯੋਗਾ ਸਮੇਤ ਮੈਡੀਕਲ ਸੇਵਾਵਾਂ ਵਾਲਿਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਸੀਨੀਅਰ ਸਿਟੀਜ਼ਨਜ਼ ਸੁਸਾਇਟੀ ਬਰਨਾਲਾ ਦੇ ਮੈਂਬਰਾਂ ਦਾ ਸਨਮਾਨ ਕੀਤਾ। ਇਸ ਮੌਕੇ ਉਹ ਵਿਦਿਆਰਥੀਆਂ ਅਤੇ ਵਲੰਟੀਅਰਾਂ ਦੇ ਰੂਬਰੂ ਹੋਏ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਡਾ. ਰਤਿੰਦਰਪਾਲ ਕੌਰ ਨੇ ਦੱਸਿਆ ਕਿ ਇਸ ਕੈਂਪ ’ਚ ਬਜ਼ੁਰਗਾਂ ਦੇ ਸੀਨੀਅਰ ਸਿਟੀਜ਼ਨ ਕਾਰਡ, ਬੁਢਾਪਾ ਪੈਨਸ਼ਨ ਦੇ ਫਾਰਮ ਵੀ ਭਰੇ ਗਏ ਤੇ ਬਜ਼ੁਰਗਾਂ ਨੂੰ ਬੈਂਕਾਂ ਦੀਆਂ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 350 ਦੇ ਕਰੀਬ ਬਜ਼ੁਰਗਾਂ/ ਨਾਗਰਿਕਾਂ ਨੇ ਇਸ ਕੈਂਪ ’ਚ ਮੁਫ਼ਤ ਮੈਡੀਕਲ ਸੇਵਾਵਾਂ ਦਾ ਲਾਭ ਲਿਆ। ਉਨ੍ਹਾਂ ਦੱਸਿਆ ਕਿ ਕਿ ਜ਼ਿਲ੍ਹੇ ’ਚ 4 ਹੋਰ ਅਜਿਹੇ ਕੈਂਪ ਲਾਏ ਜਾਣਗੇ।
ਇਸ ਮੌਕੇ ਸਟੇਜ ਸੰਚਾਲਨ ਪ੍ਰਿੰਸੀਪਲ ਡਾ. ਹਰੀਸ਼ ਬਾਂਸਲ ਵੱਲੋਂ ਕੀਤਾ ਗਿਆ। ਇਸ ਮੌਕੇ ਸੀਡੀਪੀਓ ਸ਼ਹਿਣਾ ਹਰਮੀਤ ਕੌਰ, ਸੀਡੀਪੀਓ ਮਹਿਲ ਕਲਾਂ ਹਰਬੰਸ ਸਿੰਘ, ਗੁਰਮੇਲ ਸਿੰਘ ਗਿੱਲ (ਚੀਫ਼ ਲੀਗਲ ਡਿਫੈਂਸ ਸੈੱਲ), ਐੱਲਡੀਐੱਮ ਗੁਰਪਰਮਿੰਦਰ ਸਿੰਘ, ਡਾ. ਦੀਪਲੇਖ (ਮੈਡੀਕਲ ਮਾਹਿਰ), ਹੱਡੀਆਂ ਦੇ ਮਾਹਿਰ ਡਾ. ਕਰਨ ਚੋਪੜਾ, ਅੱਖਾਂ ਦੇ ਮਾਹਿਰ ਡਾ. ਦੀਪਤੀ, ਫਿਜ਼ੀਓਥੈਰੇਪਿਸਟ ਡਾ. ਮਨਦੀਪ ਕੌਰ, ਮਨੋਵਿਗਿਆਨ ਮਾਹਿਰ ਡਾ. ਗਗਨਦੀਪ ਸੇਖੋਂ, ਡਾ. ਹਰਜੋਤ ਸਿੰਘ ਆਯੁਰਵੈਦਿਕ, ਸੀਨੀਅਰ ਸਿਟੀਜ਼ਨਜ਼ ਸੁਸਾਇਟੀ ਬਰਨਾਲਾ ਦੇ ਪ੍ਰਧਾਨ ਜੀਸੀ ਗੋਇਲ, ਜਨਰਲ ਸਕੱਤਰ ਆਰਪੀ ਸਿੰਗਲਾ ਤੇ ਹੋਰ ਮੈਂਬਰ, ਮੀਡੀਆ ਕੋਆਰਡੀਨੇਟਰ (ਸਿੱਖਿਆ ਵਿਭਾਗ) ਹਰਵਿੰਦਰ ਰੋਮੀ ਆਦਿ ਮੌਜੂਦ ਸਨ।