ਮੱਛੀ ਪਾਲਕਾਂ ਨੂੰ 40 ਤੋਂ 60 ਫ਼ੀਸਦੀ ਦਿੱਤੀ ਜਾਂਦੀ ਹੈ ਸਬਸਿਡੀ : ਡੀਸੀ
ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ ਤਹਿਤ ਮੱਛੀ ਪਾਲਕਾਂ ਨੂੰ 40 ਤੋਂ 60 ਫੀਸਦੀ ਦਿੱਤੀ ਜਾਂਦੀ ਹੈ ਸਬਸਿਡੀ: ਡਿਪਟੀ ਕਮਿਸ਼ਨਰ
Publish Date: Wed, 04 Feb 2026 04:09 PM (IST)
Updated Date: Wed, 04 Feb 2026 04:11 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਰਕਾਰ ਵੱਲੋਂ ਮੱਛੀ ਪਾਲਣ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ’ਚ ਮੱਛੀ ਪਾਲਕਾਂ ਨੂੰ ਸਬਸਿਡੀ ਸਣੇ ਵੱਖ-ਵੱਖ ਤਰ੍ਹਾਂ ਦੇ ਲਾਭ ਦਿੱਤੇ ਜਾ ਰਹੇ ਹਨ। ਇਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਯੋਗ ਵਿਅਕਤੀਆਂ ਨੂੰ ਬਣਦਾ ਲਾਭ ਦਿੱਤਾ ਜਾਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਵਿੱਤੀ ਸਾਲ 2025-26 ਲਈ ਲੁੜੀਂਦੇ ਪ੍ਰਾਜੈਕਟਾਂ ਲਈ ਐਕਸ਼ਨ ਪਲਾਨ ਪਾਸ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਚਰਨਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਯੋਜਨਾ ਅਧੀਨ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ 40 ਤੋਂ 60 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਸਰਕਾਰ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਸਵੈ-ਰੁਜ਼ਗਾਰ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਅਤੇ ਮੱਛੀ ਦੇ ਉਤਪਾਦਾਂ ਦੀ ਢੋਆ-ਢੁਆਈ ਕਰਨ ਲਈ ਥ੍ਰੀ-ਵੀਲ੍ਹਰ ਵਿਦ ਆਈਸ ਬਾਕਸ ਜਾਂ ਮੋਟਰਸਾਈਕਲ ਵਿਦ ਆਈਸ ਬਾਕਸ ਦੀ ਖ੍ਰੀਦ ਕਰਨ ਉਪਰੰਤ ਅਤੇ ਅਧੀਨ ਪਲੇਨ/ਪੱਧਰ ਜ਼ਮੀਨ ਉੱਤੇ ਮੱਛੀ ਤਲਾਬ ਦੀ ਉਸਾਰੀ ਲਈ 40 ਫੀਸਦੀ (ਜਨਰਲ ਸ਼੍ਰੇਣੀ) ਅਤੇ 60 ਫੀਸਦੀ ਐਸ.ਸੀ./ਐਸ.ਟੀ./ਔਰਤਾਂ ਦੇ ਵਰਗ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਫਿਸ਼ ਕਿਓਸਕ ਉੱਪਰ ਕੰਪੋਨੈਂਟ ਵਾਈਜ਼ ਪ੍ਰੋਜੈਕਟ ਲਾਗਤ (10 ਲੱਖ ਜਾਂ ਇਸ ਤੋਂ ਘੱਟ) ਤੇ 40 ਤੋਂ 60 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮੌਕੇ ਮੱਛੀ ਪਾਲਣ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਪੁਰਾਣੇ ਪ੍ਰਾਈਵੇਟ ਛੱਪੜਾਂ ਦੇ ਸੁਧਾਰ ਅਤੇ ਨੀਵੀਆਂ/ਟੋਇਆਂ/ਭੱਠੇ ਵਾਲੀਆਂ ਜ਼ਮੀਨਾਂ ’ਚ ਮੱਛੀ ਤਲਾਬ ਬਣਾਉਣ ਲਈ ਵੀ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਦੀ ਸਹਾਇਤਾ ਨਾਲ 25 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਮੱਛੀ ਪਾਲਣ ਦੇ ਚਾਹਵਾਨ ਕਿਸਾਨਾਂ/ਬੇਰੁਜ਼ਗਾਰ ਨੌਜਵਾਨਾਂ ਨੂੰ ਵਿਭਾਗ ਵੱਲੋਂ 5 ਦਿਨਾਂ ਦੀ ਮੁਢਲੀ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ। ਇਸ ਮੀਟਿੰਗ ’ਚ ਬਡਬਰ ’ਚ ਫਿਸ਼ ਕਿਓਸਕ (ਦੁਕਾਨ) ਸਬੰਧੀ ਅਤੇ ਮੋਟਰਸਾਈਕਲ ਦੇ ਨਾਲ ਨਾਲ ਐਕਟਿਵਾ ਵਿਦ ਆਈਸ ਬਾਕਸ ਦਾ ਕੇਸ ਵੀ ਪਾਸ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਬੇਦੀ ਆਈ ਏ ਐੱਸ, ਲੀਡ ਬੈਂਕ ਮੈਨੇਜਰ ਗੁਰਪਰਮਿੰਦਰ ਸਿੰਘ, ਖੇਤੀਬਾੜੀ ਵਿਭਾਗ ਤੋਂ ਸੁਨੀਤਾ ਸ਼ਰਮਾ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ. ਹਰਜੋਤ ਸਿੰਘ ਸੋਹੀ, ਐੱਸਡੀਓ ਜਲ ਸਪਲਾਈ ਕੁਲਦੀਪ ਸਿੰਘ, ਕਿਸਾਨ ਸੁਖਪਾਲ ਸਿੰਘ ਮੌਜੂਦ ਸਨ।