ਬੇਕਾਬੂ ਟਰੱਕ ਟਰਾਲਾ ਡਵਾਈਡਰ ’ਤੇ ਚੜ੍ਹਿਆ, ਜਾਨੀ ਨੁਕਸਾਨ ਤੋਂ ਬਚਾਅ
ਅਵਾਰਾ ਪਸ਼ੂ ਕਾਰਨ ਬੇਕਾਬੂ ਹੋਇਆ ਟਰੱਕ ਟਰਾਲਾ ਡਵਾਈਡਰ ’ਤੇ ਚੜ੍ਹਿਆ, ਜਾਨੀ ਨੁਕਸਾਨ ਤੋਂ ਬਚਾਅ
Publish Date: Wed, 07 Jan 2026 05:01 PM (IST)
Updated Date: Wed, 07 Jan 2026 05:03 PM (IST)
ਤਪਾ ਮੰਡੀ : ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਧਾਗਾ ਮਿੱਲ ਨਜ਼ਦੀਕ ਲਾਵਾਰਿਸ ਪਸ਼ੂ ਕਾਰਨ ਖੰਭਿਆਂ ਦਾ ਭਰਿਆ ਹੋਇਆ ਇੱਕ ਘੋੜਾ ਟਰਾਲਾ ਡਵਾਈਡਰ ’ਤੇ ਜਾ ਚੜ੍ਹਿਆ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਘੋੜਾ ਟਰਾਲਾ ਚਾਲਕ ਗੁਰਪ੍ਰੀਤ ਸਿੰਘ ਵਾਸੀ ਸੰਘੇੜਾ ਬਰਨਾਲਾ ਤੋਂ ਘੋੜੇ ਟਰਾਲੇ 'ਚ ਬਿਜਲੀ ਦੇ ਖੰਭੇ ਜਿਨ੍ਹਾਂ ਦੀ ਗਿਣਤੀ 30 ਦੇ ਕਰੀਬ ਸੀ ਲੋਡ ਕਰ ਕੇ ਅਬੋਹਰ ਜਾ ਰਿਹਾ ਸੀ। ਜਦੋਂ ਉਹ ਮੁੱਖ ਮਾਰਗ ’ਤੇ ਧਾਗਾ ਮਿੱਲ ਨਜ਼ਦੀਕ ਪੁੱਜਾ ਤਾਂ ਅਚਾਨਕ ਇੱਕ ਲਾਵਾਰਿਸ ਪਸ਼ੂ ਘੋੜੇ ਟਰਾਲੇ ਅੱਗੇ ਆ ਗਿਆ, ਜਿਸ ਕਾਰਨ ਘੋੜਾ ਟਰਾਲਾ ਬੇਕਾਬੂ ਹੋ ਕੇ ਡਵਾਈਡਰ ’ਤੇ ਚੜ੍ਹ ਗਿਆ ਤੇ ਟਰਾਲੀ ਦੇ ਪਿਛਲੇ ਪਾਸੇ ਲੋਡ ਕੀਤੇ ਹੋਏ ਸਾਰੇ ਖੰਭੇ ਸੜਕ ਤੇ ਡਿੱਗ ਗਏ। ਜਿਸ ਕਾਰਨ ਵਾਹਨਾਂ ਦਾ ਜਾਮ ਲੱਗ ਗਿਆ। ਮੌਕੇ ਮੌਜੂਦ ਰਾਹਗੀਰਾਂ ਨੇ ਤੁਰੰਤ ਇਸਦੀ ਸੂਚਨਾ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਸੜਕ ’ਤੇ ਪਏ ਖੰਭਿਆਂ ਨੂੰ ਕਰੇਨ ਰਾਹੀਂ ਸਾਈਡ ’ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਇਸ ਹਾਦਸੇ ਦਾ ਪਤਾ ਲੱਗਦੇ ਹੀ ਤਪਾ ਪੁਲਿਸ ਦੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਤੇ ਹੌਲਦਾਰ ਗੁਰਜੀਤ ਸਿੰਘ ਮੌਕੇ ’ਤੇ ਪਹੁੰਚ ਗਏ ਸਨ। ਹਾਦਸੇ 'ਚ ਘੋੜਾ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।