ਟਰਾਈਡੈਂਟ ਗਰੁੱਪ ਵੱਲੋਂ ਹਸਪਤਾਲ ਨੂੰ ਵੀਲ੍ਹ ਚੇਅਰ, ਮਲਟੀ-ਪੈਰਾ ਮਾਨੀਟਰ ਤੇ ਈਸੀਜੀ ਭੇਟ
ਟਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਨੂੰ ਵੀਲ੍ਹਚੇਅਰ, ਮਲਟੀ-ਪੈਰਾ ਮਾਨੀਟਰ ਤੇ ਈ.ਸੀ.ਜੀ. ਭੇਂਟ
Publish Date: Wed, 11 Feb 2026 05:29 PM (IST)
Updated Date: Wed, 11 Feb 2026 05:32 PM (IST)

- ਇਨ੍ਹਾਂ ਯੰਤਰਾਂ ਨਾਲ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਨੂੰ ਹੋਵੇਗਾ ਲਾਭ : ਐੱਸਡੀਐੱਮ ਗੋਇਲ ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਐੱਸਡੀਐੱਮ ਤਪਾ ਆਯੂਸ਼ ਗੋਇਲ (ਆਈਏਐੱਸ) ਦੀਆਂ ਕੋਸ਼ਿਸ਼ਾਂ ਸਦਕਾ ਟ੍ਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਨੂੰ 10 ਵੀਲ੍ਹਚੇਅਰ, ਦੋ ਮਲਟੀ-ਪੈਰਾ ਮਾਨੀਟਰ ਅਤੇ ਇੱਕ ਈਸੀਜੀ ਮਸ਼ੀਨ ਦਾਨ ਕੀਤੀ ਹੈ, ਜਿਸ ਨਾਲ ਸਥਾਨਕ ਲੋਕਾਂ ਲਈ ਜ਼ਰੂਰੀ ਸਿਹਤ ਸੰਭਾਲ ਸੇਵਾਵਾਂ ’ਚ ਵਾਧਾ ਹੋਵੇਗਾ। ਹਸਪਤਾਲ ’ਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਹ ਸਪੁਰਦਗੀ ਹੋਈ, ਜਿਸ ’ਚ ਸਿਵਲ ਸਰਜਨ ਡਾ. ਹਰੀਪਾਲ ਸਿੰਘ, ਐੱਸਡੀਐੱਮ ਤਪਾ ਆਯੂਸ਼ ਗੋਇਲ ਟ੍ਰਾਈਡੈਂਟ ਦੇ ਪ੍ਰਤੀਨਿਧੀ ਵਿੰਗ ਕਮਾਂਡਰ (ਸੇਵਾਮੁਕਤ) ਰਮਨ ਕੁਮਾਰ ਚੌਧਰੀ, ਰੁਪਿੰਦਰ ਕੌਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਸਮੇਤ ਹਸਪਤਾਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐੱਸਡੀਐੱਮ ਤਪਾ ਆਯੂਸ਼ ਗੋਇਲ ਨੇ ਕਿਹਾ ਕਿ ਵੀਲ੍ਹਚੇਅਰ, ਮਲਟੀ-ਪੈਰਾ ਮਾਨੀਟਰ ਤੇ ਈਸੀਜੀ ਇਹ ਸਭ ਯੰਤਰਾਂ ਦਾ ਐਮਰਜੈਂਸੀ ਸੇਵਾਵਾਂ ਅਤੇ ਰੁਟੀਨ ਨਿਗਰਾਨੀ ਵਰਗੇ ਮਹੱਤਵਪੂਰਨ ਖੇਤਰ ’ਚ ਮਰੀਜ਼ਾਂ ਦੀ ਦੇਖਭਾਲ ਨਾਲ ਸਿੱਧਾ ਸਬੰਧ ਹੈ। ਉਨ੍ਹਾਂ ਕਿਹਾ ਕਿ ਟ੍ਰਾਈਡੈਂਟ ਦੀ ਸੀਐੱਸਆਰ ਪਹਿਲਕਦਮੀ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਸਮਰਪਣ ਨੂੰ ਉਜਾਗਰ ਕਰਦੀ ਹੈ। ਇਸ ਮੌਕੇ ਸਿਵਲ ਸਰਜਨ ਡਾ. ਹਰੀਪਾਲ ਸਿੰਘ ਨੇ ਟਰਾਈਡੈਂਟ ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਵ੍ਹੀਲਚੇਅਰ ਬਜ਼ੁਰਗਾਂ ਅਤੇ ਅਪਾਹਜ ਮਰੀਜ਼ਾਂ ਲਈ ਤੇ ਰੋਜ਼ਾਨਾ ਹਸਪਤਾਲ ਦੇ ਕੰਮਕਾਜ ਨੂੰ ਆਸਾਨ ਬਣਾਉਂਦੀਆਂ ਹਨ ਤੇ ਮਲਟੀ-ਪੈਰਾ ਮਾਨੀਟਰ ਅਸਲ-ਸਮੇਂ ’ਚ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਅਤੇ ਆਕਸੀਜਨ ਦੇ ਪੱਧਰ ਵਰਗੇ ਮਹੱਤਵਪੂਰਨ ਸੰਕੇਤਾਂ ਨੂੰ ਟਰੈਕ ਕਰਦਾ ਹੈ। ਹਸਪਤਾਲ ’ਚ ਇਨ੍ਹਾਂ ਯੰਤਰਾਂ ਦੀ ਗਿਣਤੀ ਵਧਣ ਨਾਲ ਡਾਕਟਰ ਤੇ ਸਟਾਫ, ਮਰੀਜ਼ਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾ ਸਕਣਗੇ। ਟਰਾਈਡੈਂਟ ਗਰੁੱਪ ਦੇ ਪ੍ਰਤੀਨਿਧੀ ਰਮਨ ਕੁਮਾਰ ਚੌਧਰੀ ਨੇ ਕਿਹਾ ਕਿ ਹਸਪਤਾਲ ਤੇ ਐੱਸਡੀਐੱਮ ਆਯੂਸ਼ ਗੋਇਲ ਵੱਲੋਂ ਵੀਲ੍ਹਚੇਅਰ ਤੇ ਬਾਕੀ ਯੰਤਰਾਂ ਦੀ ਕਮੀ ਬਾਰੇ ਦੱਸਿਆ ਗਿਆ। ਜਿਸ ਤੋਂ ਬਾਅਦ ਸੀਐੱਸਆਰ ਤਹਿਤ ਇਹ ਯੰਤਰ ਤਪਾ ਹਸਪਤਾਲ ਨੂੰ ਮੁਹੱਈਆ ਕਰਵਾਏ ਹਨ। ਉਨ੍ਹਾਂ ਕਿਹਾ ਕਿ ਟ੍ਰਾਈਡੈਂਟ ਗਰੁੱਪ ਕਮਿਊਨਿਟੀ-ਕੇਂਦ੍ਰਿਤ ਯੋਗਦਾਨਾਂ ਦੀ ਆਪਣੀ ਪਰੰਪਰਾ ਨੂੰ ਅੱਗੇ ਵੀ ਹਮੇਸ਼ਾ ਜਾਰੀ ਰੱਖੇਗਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਨੇ ਟਰਾਈਡੈਂਟ ਗਰੁੱਪ ਤੇ ਐੱਸਡੀਐੱਮ ਆਯੂਸ਼ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਵੀਲ੍ਹਚੇਅਰ ਤੇ ਬਾਕੀ ਯੰਤਰਾਂ ਨਾਲ ਹਸਪਤਾਲ ’ਚ ਆਉਣ ਵਾਲੇ ਲੋਕਾਂ ਨੂੰ ਲਾਭ ਹੋਵੇਗਾ। ਇਸ ਮੌਕੇ ਡਾ. ਗੁਰਸਿਮਰਨ ਸਿੰਘ, ਡਾ. ਜਸਵੀਰ ਕੌਰ, ਡਾ. ਸ਼ੀਤਲ ਬਾਂਸਲ, ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ, ਐੱਸਆਈ ਗੁਰਮੇਲ ਸਿੰਘ, ਰਣਜੀਵ ਕੁਮਾਰ ਨਰਸਿੰਗ ਸਿਸਟਰ ਸਵਰਨਜੀਤ ਕੌਰ, ਕਮਲਜੀਤ ਕੌਰ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।