ਬਰਨਾਲਾ 'ਚ ਦਹਿਸ਼ਤ: ਤਿੰਨ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਹਾਈ ਅਲਰਟ 'ਤੇ
ਜ਼ਿਲ੍ਹਾ ਬਰਨਾਲਾ ਦੇ ਤਿੰਨ ਨਾਮੀ ਸਕੂਲਾਂ ਨੂੰ ਵੀਰਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੂਰੇ ਸ਼ਹਿਰ ’ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਹ ਧਮਕੀ ਟੰਡਨ ਇੰਟਰਨੈਸ਼ਨਲ ਸਕੂਲ, ਵਾਈ.ਐਸ. ਗਰੁੱਪ ਅਤੇ ਆਰਿਆ ਭੱਟ ਸਕੂਲ ਨੂੰ ਦਿੱਤੀ ਗਈ ਹੈ। ਟੰਡਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਵੇਰੇ ਸਕੂਲ ਦੀ ਅਧਿਕਾਰਤ ਈਮੇਲ ਚੈੱਕ ਕੀਤੀ ਤਾਂ ਉਸ ਵਿਚ ਬੰਬ ਦੀ ਧਮਕੀ ਦੀ ਇਕ ਮੇਲ ਆਈ ਹੋਈ ਸੀ।
Publish Date: Thu, 16 Apr 2026 10:47 AM (IST)
Updated Date: Thu, 16 Apr 2026 11:58 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਜ਼ਿਲ੍ਹਾ ਬਰਨਾਲਾ ਦੇ ਤਿੰਨ ਨਾਮੀ ਸਕੂਲਾਂ ਨੂੰ ਵੀਰਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੂਰੇ ਸ਼ਹਿਰ ’ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਹ ਧਮਕੀ ਟੰਡਨ ਇੰਟਰਨੈਸ਼ਨਲ ਸਕੂਲ, ਵਾਈ.ਐਸ. ਗਰੁੱਪ ਅਤੇ ਆਰਿਆ ਭੱਟ ਸਕੂਲ ਨੂੰ ਦਿੱਤੀ ਗਈ ਹੈ। ਟੰਡਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਵੇਰੇ ਸਕੂਲ ਦੀ ਅਧਿਕਾਰਤ ਈਮੇਲ ਚੈੱਕ ਕੀਤੀ ਤਾਂ ਉਸ ਵਿਚ ਬੰਬ ਦੀ ਧਮਕੀ ਦੀ ਇਕ ਮੇਲ ਆਈ ਹੋਈ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਮੇਲ ਕੇਵਲ ਉਨ੍ਹਾਂ ਦੇ ਸਕੂਲ ਨੂੰ ਹੀ ਨਹੀਂ, ਬਲਕਿ ਸ਼ਹਿਰ ਦੇ ਦੋ ਹੋਰ ਵੱਡੇ ਸਕੂਲਾਂ-ਵਾਈ.ਐਸ. ਗਰੁੱਪ ਅਤੇ ਆਰਿਆਭੱਟ ਸਕੂਲ ਨੂੰ ਵੀ ਫਾਰਵਰਡ ਕੀਤੀ ਗਈ ਸੀ। ਧਮਕੀ ਬਾਰੇ ਪਤਾ ਲੱਗਦਿਆਂ ਹੀ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ’ਚ ਭਾਰੀ ਚਿੰਤਾ ਪਾਈ ਜਾ ਰਹੀ ਹੈ।
ਪੁਲਿਸ ਪ੍ਰਸ਼ਾਸਨ ਹੋਇਆ ਮੁਸਤੈਦ
ਸਕੂਲ ਪ੍ਰਬੰਧਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਅਤੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕਈ ਹੋਰ ਥਾਵਾਂ 'ਤੇ ਵੀ ਅਜਿਹੀਆਂ ਗੁੰਮਨਾਮ ਧਮਕੀ ਭਰੀਆਂ ਮੇਲਾਂ ਆਉਣ ਦੇ ਮਾਮਲੇ ਸਾਹਮਣੇ ਆਏ ਹਨ, ਜੋ ਅਕਸਰ ਅਫਵਾਹ ਸਾਬਤ ਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਭਾਵੇਂ ਇਹ ਕਿਸੇ ਦੀ ਸ਼ਰਾਰਤ ਲੱਗ ਰਹੀ ਹੈ ਪਰ ਫਿਰ ਵੀ ਪੁਲਸ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਅਹਿਤਿਆਤ ਵਜੋਂ ਪੁਲਸ ਦੀਆਂ ਵਿਸ਼ੇਸ਼ ਟੀਮਾਂ ਨੂੰ ਤਿੰਨਾਂ ਸਕੂਲਾਂ ’ਚ ਭੇਜ ਦਿੱਤਾ ਗਿਆ ਹੈ ਤਾਂ ਜੋ ਚੈਕਿੰਗ ਕੀਤੀ ਜਾ ਸਕੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਅਤੇ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ਼ ਨਾ ਕਰਨ। ਪੁਲਿਸ ਸਾਈਬਰ ਸੈੱਲ ਦੀ ਮੱਦਦ ਨਾਲ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜੀ ਗਈ ਹੈ।