ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ’ਚ ਹਾਈ ਬਲੱਡ ਪ੍ਰੈਸ਼ਰ ਪ੍ਰਤੀ ਸੁਚੇਤ ਹੋਣ ਦੀ ਜਰੂਰਤ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਅੱਜ ਦੇ ਸਮੇਂ ’ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪ੍ਰਚਲਿਤ ਹਨ, ਉਨ੍ਹਾਂ ’ਚੋਂ ਹੀ ਇੱਕ ਹਾਈ ਬਲੱਡ ਪ੍ਰੈਸ਼ਰ ਜਿਹੜਾ ਕਿ ਲੋਕਾਂ ’ਚ ਆਮ ਪਾਇਆ ਜਾਂਦਾ ਹੈ। ਹਾਈ ਬੀਪੀ ਇੱਕ ਅਜਿਹੀ ਸਥਿਤੀ ਹੁੰਦੀ ਹੈ, ਜਿਸ ’ਚ ਬਲੱਡ ਪ੍ਰੈਸ਼ਰ ਆਮ ਨਾਲੋਂ ਵੱਧ ਹੋ ਜਾਂਦਾ ਹੈ। ਬਲੱਡ ਪ੍ਰੈਸ਼ਰ ਸਰੀਰ ਦੀਆਂ ਧਮਨੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਤੁਹਾਡਾ ਦਿਲ ਖੂਨ ਨੂੰ ਪੰਪ ਕਰਨ ਲਈ ਵਧੇਰੇ ਮਿਹਨਤ ਕਰੇ, ਤੇ ਤੁਹਾਡੀਆਂ ਧਮਨੀਆਂ ਤੰਗ ਹੁੰਦੀਆਂ ਹਨ, ਤਾਂ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ। ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ। ਪੇਸ਼ ਹਨ ਮਾਹਰ ਡਾਕਟਰਾਂ ਦੇ ਵਿਚਾਰ।
ਖਾਣ-ਪੀਣ ’ਚ ਸੁਧਾਰ ਜ਼ਰੂਰੀ : ਡਾ. ਪ੍ਰਦੀਪ ਕੁਮਾਰ ਐੱਮਐੱਸ ਪ੍ਰਦੀਪ ਪਲਟੀ ਸੁਪਰ ਸਪੈਸ਼ਲਿਸਟ ਹਸਪਤਾਲ ਬਰਨਾਲਾ ਨੇ ਕਿਹਾ ਕਿ ਸਾਨੂੰ ਆਪਣੇ ਜਾਣ ਪੀਣ ’ਚ ਸੁਧਾਰ ਕਰਨਾ ਚਾਹੀਦਾ ਹੈ। ਸ਼ਰਾਬ, ਤੰਬਾਕੂ, ਸਿਗਰੇਟ ਆਦਿ ਪੀਣਾ ਤੇ ਅਨਿਯਮਿਤ ਖੁਰਾਕ, ਨਮਕ ਤੇ ਚਰਬੀ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੇ ਹਨ। ਜ਼ਿਆਦਾ ਭਾਰ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ। ਜੇਕਰ ਪਰਿਵਾਰ ’ਚ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਸੰਭਾਵਨਾ ਵੱਧ ਜਾਂਦੀ ਹੈ। ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ।
ਇਸ ਦਾ ਚੈੱਕਅਪ ਸਮੇਂ-ਸਮੇਂ ਸਿਰ ਜ਼ਰੂਰੀ : ਡਾ. ਸ਼ਰਮਾ
ਡਾ. ਕਰਨ ਸ਼ਰਮਾ ਐੱਮਐੱਸ ਆਰਥੋ ਨੇ ਕਿਹਾ ਕਿ ਜਿਸ ਤੇਜ਼ ਰਫ਼ਤਾਰ ਨਾਲ ਲੋਕਾਂ ਦੀ ਉਮਰ ਵਧਦੀ ਹੈ, ਉਨੀ ਹੀ ਤੇਜ਼ੀ ਨਾਲ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਮਾਨਸਿਕ ਤਣਾਅ ਜੋ ਸਰੀਰ ’ਚ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਅਤੇ ਤਣਾਅ ਮੁਕਤ ਕਰਨ ਲਈ ਨਿਯਮਤ ਤੌਰ ’ਤੇ ਕਸਰਤ ਕਰੋ। ਜਦੋਂ ਗੁਰਦੇ ਪੁਰਾਣੀ ਬਿਮਾਰੀ ਕਾਰਨ ਕਮਜ਼ੋਰ ਹੋ ਜਾਂਦੇ ਹਨ, ਤਾਂ ਉਸ ਨਾਲ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਰਹਿੰਦਾ ਹੈ। ਸਾਨੂੰ ਆਪਣੀ ਸਿਹਤ ਦੀ ਧਿਆਨ ਦੇਣਾ ਚਾਹੀਦਾ ਹੈ।
ਸਿਹਤਮੰਦ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਜ਼ਰੂਰੀ : ਡਾ. ਸ਼ਰਮਾ
ਮਾਲਵਾ ਮਨੋਰੋਗ ਹਸਪਤਾਲ ਸੰਗਰੂਰ ਦੇ ਐੱਮਡੀ ਡਾ. ਅਯੂਸ ਸ਼ਰਮਾ ਨੇ ਕਿਹਾ ਕਿ ਸੰਤੁਲਿਤ ਤੇ ਦਿਲ-ਸਿਹਤਮੰਦ ਖੁਰਾਕ ਨੂੰ ਅਪਣਾਉਣਾ ਚਾਹੀਦਾ ਹੈ। ਸਾਨੂੰ ਰੋਜ਼ਾਨਾ ਸੈਰ ਕਰਨਾ, ਤੇਜ਼ ਤੁਰਨਾ, ਤੈਰਾਕੀ ਕਰਨਾ ਤੇ ਸਾਈਕਲ ਚਲਾਉਣਾ, ਹਫ਼ਤੇ ’ਚ ਘੱਟੋ-ਘੱਟ 150 ਮਿੰਟ ਹਰ ਰੋਜ ਸਰੀਰਕ ਸਰਗਰਮੀਆਂ ਕਰਨੀਆਂ ਚਾਹੀਦੀਆਂ ਹਨ। ਸਹੀ ਖੁਰਾਕਾਂ ਦਾ ਇਸਤੇਮਾਲ ਕਰਨਾ ਤੇ ਕਸਰਤ ਕਰ ਕੇ ਆਪਣਾ ਸਿਹਤਮੰਦ ਵਜ਼ਨ ਨੂੰ ਬਣਾ ਕੇ ਰੱਖਣਾ। ਸ਼ਰਾਬ ਦੀ ਖਪਤ ਤੋਂ ਆਪਣਾ ਬਚਾਅ ਕਰਨਾ ਅਤੇ ਤੰਬਾਕੂ ਉਤਪਾਦਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਜੀਵਨਸ਼ੈਲੀ ’ਚ ਕੀਤਾ ਜਾਵੇ ਬਦਲਾਅ : ਡਾ. ਸਿੰਗਲਾ
ਪ੍ਰੇਮ ਅੱਖਾਂ ਦੇ ਹਸਪਤਾਲ ਬਰਨਾਲਾ ਦੇ ਐੱਮਡੀ ਡਾ. ਰੁਪੇਸ ਸਿੰਗਲਾ ਨੇ ਕਿਹਾ ਕਿ ਸਾਨੂੰ ਆਪਣੀ ਜੀਵਨਸ਼ੈਲੀ ’ਚ ਬਦਲਾਅ ਕਰਨਾ ਚਾਹੀਦਾ ਹੈ। ਹਾਈ ਬੀਪੀ ਦੇ ਮਰੀਜ਼ਾਂ ਨੂੰ ਆਪਣੇ ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਲੂਣ ਦਾ ਜ਼ਿਆਦਾ ਸੇਵਨ, ਤਿੱਖਾ ਤੇ ਮਸਾਲੇਦਾਰ ਭੋਜਨ ਅਤੇ ਫਾਸਟ ਫੂਡ ਵਰਗੀਆਂ ਚੀਜ਼ਾ ਬਲੱਡ ਪ੍ਰੈਸ਼ਰ ਨੂੰ ਹੋਰ ਵਧਾ ਸਕਦੀਆਂ ਹਨ, ਜਿਸ ਨਾਲ ਅੱਖਾਂ ਸਮੇਤ ਸਰੀਰ ਦੇ ਹੋਰ ਅੰਗਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਤਾਜ਼ੇ ਫਲ, ਹਰੀਆਂ ਸਬਜ਼ੀਆਂ, ਘੱਟ ਲੂਣ ਵਾਲਾ ਭੋਜਨ ਅਤੇ ਲੁੜੀਂਦਾ ਪਾਣੀ ਦਾ ਸੇਵਨ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਣ ਵਿਚ ਸਹਾਇਕ ਹੁੰਦਾ ਹੈ।