ਉੱਗੋਕੇ ਨਵੇਂ ਬੱਸ ਅੱਡੇ ਦਾ ਲੈਂਟਰ ਡਿੱਗਿਆ ਨਹੀਂ, ਤੋੜਿਆ ਜਾ ਰਿਹਾ : ਲਾਭ ਸਿੰਘ ਉੱਗੋਕੇ
ਉੱਗੋਕੇ ਨਵੇਂ ਬੱਸ ਅੱਡੇ ਦਾ ਲੈਂਟਰ ਡਿੱਗਿਆ ਨਹੀਂ, ਤੋੜਿਆ ਜਾ ਰਿਹਾ: ਲਾਭ ਸਿੰਘ ਉੱਗੋਕੇ
Publish Date: Wed, 04 Feb 2026 07:25 PM (IST)
Updated Date: Wed, 04 Feb 2026 07:29 PM (IST)

- ਸੜਕ ਚੌੜੀ ਹੋਣ ਕਾਰਨ ਢੁੱਕਵੀਂ ਥਾਂ ’ਤੇ ਨਹੀਂ ਸੀ ਬੱਸ ਅੱਡਾ : ਵਿਧਾਇਕ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬੁੱਧਵਾਰ ਬਾਅਦ ਦੁਪਹਿਰ ਫੂਸ ਦੀ ਅੱਗ ਵਾਂਗ ਸੋਸ਼ਲ ਮੀਡੀਆ ’ਤੇ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਜੱਦੀ ਪਿੰਡ ਬਣੇ ਨਵੇਂ ਬੱਸ ਅੱਡੇ ਦਾ ਲੈਂਟਰ ਖੁੱਲਣ ਸਾਰ ਛੱਤ ਡਿੱਗਣ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਸਨ। ਜਿਸ ’ਤੇ ਵਿਰੋਧੀਆਂ ਵੱਲੋਂ ਵੀ ਭਾਵੇਂ ਖੂਬ ਤੰਜ਼ ਕਸੇ ਜਾ ਰਹੇ ਸਨ, ਪਰ ਇਸ ਦੀ ਅਸਲ ਸੱਚਾਈ ‘ਪੰਜਾਬੀ ਜਾਗਰਣ’ ਨਾਲ ਸਾਂਝੀ ਕਰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਭਾਵੇਂ ਇਹ ਬੱਸ ਸਟੈਂਡ ਹਲੇ ਨਿਰਮਾਣ ਅਧੀਨ ਸੀ, ਜਿਸ ਦੇ ਕਮਰੇ ਦਾ ਲੈਂਟਰ ਵੀ ਪਾਇਆ ਜਾ ਚੁੱਕਿਆ ਸੀ, ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਕਾਸ ਮਈ ਸੋਚ ਤਹਿਤ ਜਿਸ ਸੜਕ ’ਤੇ ਇਹ ਬੱਸ ਸਟੈਂਡ ਬਣਿਆ ਸੀ, ਉਸ ਦੀ ਹਾਲ ਹੀ ’ਚ ਸੜਕ ਚੌੜੀ ਕਰਨ ਦੀ ਕਈ ਪਿੰਡਾਂ ਦੀ ਚਰੌਖਣੀ ਮੰਗ ਨੂੰ ਪ੍ਰਵਾਨ ਕਰਦਿਆਂ ਇਸ ਸੜਕ ਨੂੰ 33 ਫੁੱਟ ਚੌੜੀ ਸੜਕ ਬਣਾਉਣ ਦਾ ਮਤਾ ਪਾਸ ਹੋ ਗਿਆ ਹੈ। ਜਿਸ ਦਾ ਆਉਣ ਵਾਲੇ ਦਿਨਾਂ ’ਚ ਜਲਦੀ ਹੀ ਟੈਂਡਰ ਪਾਸ ਕਰਵਾ ਕੇ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਬੱਸ ਸਟੈਂਡ ਸੜਕ ਦੀ ਜਗ੍ਹਾ ’ਚ ਆਉਣ ਕਾਰਨ ਇਸ ਨੂੰ ਤੁਰੰਤ ਤੋੜਿਆ ਜਾ ਰਿਹਾ ਹੈ ਤਾਂ ਕਿ ਇਹ ਬੱਸ ਸਟੈਂਡ ਮੁਕੰਮਲ ਹੋਣ ’ਤੇ ਜਿੱਥੇ ਸੜਕ ਚੋੜੇ ਕਰਨ ’ਚ ਦਿੱਕਤਾਂ ਦਾ ਸਾਹਮਣੇ ਕਰਨਾ ਪਵੇਗਾ, ਉੱਥੇ ਹੀ ਮੁਕੰਮਲ ਹੋਏ ਬੱਸ ਸਟੈਂਡ ਨੂੰ ਮੁੜ ਤੋਂ ਢਾਹੁਣਾ ਵੀ ਕੋਈ ਸੌਖਾ ਕਾਰਜ ਨਹੀਂ ਹੈ। ਇਸ ਲਈ ਇਸ ਨਿਰਮਾਣ ਅਧੀਨ ਬੱਸ ਸਟੈਂਡ ਨੂੰ ਰੋਕ ਕੇ ਢਾਹਿਆ ਜਾ ਰਿਹਾ ਹੈ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਤਪਾ ਮੰਡੀ ਤੋਂ ਲੈ ਕੇ ਪੱਖੋ ਕੈਂਚੀਆਂ ਤੱਕ ਜਿੱਥੇ ਇਹ ਸੜਕ 33 ਫੁੱਟ ਚੌੜੀ ਬਹੁ ਪੱਖੀ ਨਵੀਂ ਆਧੁਨਿਕ ਤਕਨੀਕ ਨਾਲ ਬਣੇਗੀ, ਉੱਥੇ ਹੀ ਇਸੇ ਸੜਕ ’ਚ ਇਤਿਹਾਸਕ ਪਿੰਡ ਢਿੱਲਵਾਂ ਤੇ ਉੱਗੋਕੇ ਪਿੰਡ ਦੀਆਂ ਹੱਦਾਂ ਤੋਂ ਹੱਦਾਂ ਤੱਕ ਬਿਲਡਪ ਏਰੀਆ ਨਿਰਧਾਰਿਤ ਕੀਤਾ ਗਿਆ ਹੈ, ਜਿਸ ਵਿਚਕਾਰ ਡਿਵਾਇਰ ਬਣਾ ਕੇ ਉੱਪਰ ਲੋਹਾ ਜਾਂ ਕਿਸੇ ਨਵੀਂ ਤਕਨੀਕ ਤਹਿਤ ਜੰਗਲੇ ਲਗਾਏ ਜਾਣਗੇ। ਉਨ੍ਹਾ ਦੱਸਿਆ ਕਿ ਇਹ ਹਲਕਾ ਭਦੌੜ ਦੇ ਜਿੱਥੇ ਸਮੁੱਚੇ ਲੋਕਾਂ ਦੀ ਲੰਮੇਂ ਸਮੇਂ ਤੋਂ ਇਸ ਸੜਕ ਨੂੰ ਚੋੜਾ ਕਰਨ ਦੀ ਮੰਗ ਸੀ, ਉੱਥੇ ਹੀ ਇਹ ਸੜਕ ਨੈਸ਼ਨਲ ਹਾਈਵੇਇਆਂ ਨੂੰ ਮਿਲਾਉਣ ਕਰਕੇ ਕਈ ਜਿਲ੍ਹਿਆਂ ਦੇ ਲੋਕਾਂ ਦੀ ਇਸ ਰਾਹ ਤੋਂ ਰੋਜਮਰ੍ਹਾ ਦੀ ਰਾਹਗੀਰੀ ਸੀ। ਲੋਕਾਂ ਦੀ ਇਸ ਮੰਗ ਨੂੰ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਪੂਰੀ ਕਰਵਾਉਂਦਿਆਂ ਇਸ ਨਵੇਂ ਵਰ੍ਹੇ ਦੀ ਹਲਕੇ ਦੇ ਲੋਕਾਂ ਨੂੰ ਸੌਗਾਤ ਦਿੱਤੀ ਹੈ। ਵਿਧਾਇਕ ਉੱਗੋਕੇ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਜਾਂ ਕੁੱਝ ਲੋਕ ਇਸ ਸੜਕ ਵਿਚਕਾਰ ਬਣੇ ਬੱਸ ਅੱਡੇ ਨੂੰ ਢਾਹੁਣ ਦੀਆਂ ਵੀਡੀਓ ਦਿਨ ਚੜ੍ਹੇ ਲੇਬਰ ਦੇ ਆਉਣ ਤੋਂ ਪਹਿਲਾਂ ਹੀ ਬਣਾ ਕੇ ਸੋਸਲ ਮੀਡੀਆ ’ਤੇ ਟ੍ਰੋਲ ਕਰ ਰਹੇ ਹਨ। ਪਰ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਜਦ 33 ਫੁੱਟ ਚੌੜੀ ਸੜਕ ਸਣੇ ਡਿਵਾਇਰਾਂ ਵਾਲੀ ਬਣ ਜਾਵੇਗੀ ਤੇ ਉਸੇ ਹੀ ਵੱਡੀ ਸੜਕ ਨਾਲ ਨਵੀਂ ਦਿੱਖ ਵਾਲਾ ਬੱਸ ਸਟੈਂਡ ਵੀ ਢੁੱਕਵੀਂ ਥਾਂ ’ਤੇ ਬਣਗੇ ਤਦ ਵੀ ਉਹ ਪੰਜਾਬ ਸਰਕਾਰ ਦੇ ਕੀਤੇ ਸੁਚਾਰੂ ਤੇ ਚੰਗੇ ਕਾਰਜਾਂ ਨੂੰ ਜਰੂਰ ਟ੍ਰੋਲ ਕਰਨ। ਇਹ ਗੱਲ ਵੀ ਵਿਧਾਇਕ ਨੇ ਖੁਦ ਮੰਨੀ ਕਿ ਬੱਸ ਸਟੈਂਡ ਹਾਲੇ ਨਿਰਮਾਣ ਅਧੀਨ ਸੀ ਪਰ ਸੜਕ ਚੌੜੀ ਕਰਨ ਦੀ ਸੌਗਾਦ ਵੀ ਲੋਕਾਂ ਲਈ ਇੱਕ ਚੰਗਾ ਕਾਰਜ ਹੈ। ਜਿਸ ਦੇ ਮੱਦੇਨਜ਼ਰ ਬੱਸ ਸਟੈਂਡ ਨੂੰ ਢਾਹ ਕੇ ਢੁੱਕਵੀਂ ਥਾਂ ਬਣਾਉਣਾ ਅਤਿ ਜ਼ਰੂਰੀ ਸੀ।