- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲਾ ਕਾਰ ਥੱਲੇ ਕੁਚਲੇ ਬਜ਼ੁਰਗ ਦਾ

- ਮਾਮਲਾ ਕਾਰ ਥੱਲੇ ਕੁਚਲੇ ਬਜ਼ੁਰਗ ਦਾ, ਚਾਲਕ ਕਾਰ ਸਣੇ ਗ੍ਰਿਫ਼ਤਾਰ : ਤਰਸੇਮ ਸਿੰਘ
ਯਾਦਵਿੰਦਰ ਸਿੰਘ ਭੁੱਲਰ/ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ
ਬਰਨਾਲਾ : ਬੁੱਧਵਾਰ ਪਿਛਲੇ ਪਹਿਰ ਨੈਸ਼ਨਲ ਹਾਈਵੇ ਹੰਡਿਆਇਆ ਚੌਕ ਨੇੜੇ ਵਿਸ਼ਵਕਰਮਾ ਮੰਦਿਰ ਸਾਹਮਣੇ ਬਜ਼ੁਰਗ ਦੀ ਲਾਸ਼ ਰੱਖ ਕੇ ਉਸ ਦੇ ਵਾਰਸ ਤੇ ਪਿੰਡ ਵਾਸੀਆਂ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਧਰਨਾਕਾਰੀਆਂ ਰਾਮ ਸਿੰਘ, ਜਗਤਾਰ ਸਿੰਘ, ਗੁਰਤੇਜ ਸਿੰਘ, ਸ਼ਿੰਗਾਰਾ ਸਿੰਘ, ਬਲਵਿੰਦਰ, ਸ਼ਮਸੇਰ ਸਿੰਘ, ਮਹਿੰਦਰ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਰਾਜ ਸਿੰਘ, ਕੁਲਦੀਪ ਸਿੰਘ, ਸ਼ਿੰਦਰ ਕੌਰ, ਤੇਜ਼ ਕੌਰ, ਵੀਰਪਾਲ ਕੌਰ, ਬਿੰਦਰ ਕੌਰ, ਸੁਰਜੀਤ ਕੌਰ, ਜਗਦੀਪ ਸਿੰਘ ਤੇ ਕਾਕਾ ਸਿੰਘ ਆਦਿ ਨੇ ਦੱਸਿਆ ਕਿ ਮੰਗਲਵਾਰ ਸ਼ਾਮ 4:00 ਵਜੇ ਦੇ ਕਰੀਬ ਉਨ੍ਹਾਂ ਦੇ ਬਜ਼ੁਰਗ ਗੁਰਦੁਆਰਾ ਅੜੀਸਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਘਰ ਪਰਤ ਰਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਪੀੜਤ ਪਰਿਵਾਰਕ ਮੈਂਬਰਾਂ ਨੇ ਕਾਰ ਚਾਲਕ ’ਤੇ ਕਾਰਵਾਈ ਕਰਵਾਉਣ ਦੀ ਜਿੱਦ ’ਤੇ ਅੜੇ ਹੋਏ ਸਨ, ਪੁਲਿਸ ਦੀ ਆਨਾਕਾਨੀ ਜਾਂ ਦੇਰੀ ਕਰਨ ’ਤੇ ਖਫਾ ਹੁੰਦਿਆਂ ਉਨ੍ਹਾਂ ਬਜ਼ੁਰਗ ਦੀ ਲਾਸ਼ ਨੂੰ ਹਾਈਵੇ ’ਤੇ ਰੱਖਕੇ ਨੈਸ਼ਨਲ ਹਾਈਵੇ ਨੰਬਰ 7 ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ। ਜਿਸ ਕਾਰਨ ਹਾਈਵੇ ’ਤੇ ਬਠਿੰਡਾ ਤੇ ਚੰਡੀਗੜ੍ਹ ਦੋਵੇਂ ਪਾਸਿਆਂ ’ਤੇ ਸੈਂਕੜੇ ਗੱਡੀਆਂ ਇਸ ਜਾਮ ’ਚ 2 ਘੰਟਿਆਂ ਦੇ ਕਰੀਬ ਫਸੀਆਂ ਰਹੀਆਂ।
ਇੰਝ ਵਾਪਰਿਆ ਹਾਦਸਾ, ਮੌਕੇ ’ਤੇ ਹੋਈ ਬਜ਼ੁਰਗ ਦੀ ਮੌਤ
ਜਾਣਕਾਰੀ ਅਨੁਸਾਰ ਮਲਕੀਤ ਸਿੰਘ (72) ਪੁੱਤਰ ਅਰਜਨ ਸਿੰਘ ਵਾਸੀ ਇੰਦਰਾ ਕਾਲੋਨੀ ਹੰਡਿਆਇਆ ਅਕਸਰ ਸਾਈਕਲ ’ਤੇ ਗੁਰਦੁਆਰਾ ਅੜੀਸਰ ਸਾਹਿਬ ਜਾਂਦਾ ਸੀ। ਕੱਲ੍ਹ ਸ਼ਾਮ ਜਦੋਂ ਮਲਕੀਤ ਸਿੰਘ ਗੁਰਦੁਆਰਾ ਅੜੀਸਰ ਸਾਹਿਬ ਤੋਂ ਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ ਤਾਂ ਪਿੱਛੋਂ ਆ ਰਹੀ ਗੱਡੀ ਕੀਆ ਨੰਬਰ ਪੀਬੀ19ਵੀ 5521 ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਮਲਕੀਤ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ, ਪਰ ਮਲਕੀਤ ਸਿੰਘ ਜ਼ਖ਼ਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ। ਜਿਸ ਤੋਂ ਪਰਿਵਾਰਕ ਮੈਂਬਰਾਂ ਵੱਲੋਂ ਰੋਡ ਜਾਮ ਕਰ ਕੇ ਮੌਜੂਦਾ ਸਰਕਾਰ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੇ ਮੌਜੂਦਾ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਅੜੇ ਰਹੇ।
ਚਾਲਕ ਕਾਰ ਸਣੇ ਗ੍ਰਿਫ਼ਤਾਰ : ਤਰਸੇਮ ਸਿੰਘ
2 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਧਰਨਾਕਾਰੀਆਂ ਨੂੰ ਮੌਕੇ ’ਤੇ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਐੱਫ਼ਆਈਆਰ ਦੀ ਕਾਪੀ ਦਿੰਦਿਆਂ ਦੱਸਿਆ ਕਿ ਕਾਰ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹਾਦਸੇ ਵਾਲੀ ਗੱਡੀ ਨੂੰ ਬਰਾਮਦ ਕਰਦਿਆਂ ਥਾਣੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਕੱਦਮਾ ਨੰਬਰ 16, ਬੀਐੱਨਐੱਸਐੱਸ ਦੀ ਧਾਰਾ 106 (1), 281, 125(ਏ), 324(4) ਤਹਿਤ ਸਦਰ ਥਾਣਾ ਬਰਨਾਲਾ ਵਿਖੇ ਦਰਜ ਕਰ ਕੇ ਕਾਰ ਚਾਲਕ ਮਨਵੀਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਧਨੌਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਹਾਈਵੇ ਤੋਂ ਮ੍ਰਿਤਕ ਦੀ ਲਾਸ਼ ਤੇ ਵਾਰਸਾਂ ਨੂੰ ਉਠਾ ਕੇ ਸੈਂਕੜੇ ਗੱਡੀਆਂ ਦਾ ਜਾਮ ਖੁਲਵਾ ਕੇ ਆਵਾਜਾਈ ਬਹਾਲ ਕਰਵਾਈ।