ਆਂਗਨਵਾੜੀ ਵਰਕਰਾਂ ਦੀ ਹੋਈ ਵਿਸ਼ੇਸ਼ ਟ੍ਰੇਨਿੰਗ
ਪੋਸ਼ਣ ਵੀ ਅਤੇ ਪੜ੍ਹਾਈ ਵੀ ਅਭਿਆਨ ਤਹਿਤ ਬਲਾਕ ਬਰਨਾਲਾ ’ਚ ਆਂਗਣਵਾੜੀ ਵਰਕਰਾਂ ਦੀ ਵਿਸ਼ੇਸ਼ ਟ੍ਰੇਨਿੰਗ
Publish Date: Wed, 11 Feb 2026 05:11 PM (IST)
Updated Date: Wed, 11 Feb 2026 05:14 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੋਸ਼ਣ ਵੀ ਅਤੇ ਪੜ੍ਹਾਈ ਵੀ ਅਭਿਆਨ ਤਹਿਤ ਆਂਗਨਵਾੜੀ ਵਰਕਰਾਂ ਦੀ ਸਮਰੱਥਾ ਵਧਾਉਣ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ 3 ਤੋਂ 6 ਸਾਲ ਦੇ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਮੁੱਖ ਚੀਜ ਪੋਸ਼ਣ ਅਤੇ ਪੜ੍ਹਾਈ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਂਗਨਵਾੜੀ ਕੇਂਦਰ ਬੱਚਿਆਂ ਦੀ ਸਿਹਤ ਅਤੇ ਸ਼ੁਰੂਆਤੀ ਸਿੱਖਿਆ ਦੀ ਨੀਂਹ ਹਨ, ਇਸ ਲਈ ਵਰਕਰਾਂ ਨੂੰ ਵਿਗਿਆਨਕ ਅਤੇ ਬਾਲ-ਕੇਂਦਰਿਤ ਤਰੀਕਿਆਂ ਨਾਲ ਟ੍ਰੇਨਿੰਗ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਪ੍ਰਥਮ ਟੀਮ ਵੱਲੋਂ ਆਂਗਨਵਾੜੀ ਕੇਂਦਰਾਂ ਦੀ ਵਰਕਿੰਗ, ਬੱਚਿਆਂ ਦੀ ਪੋਸ਼ਣ ਸਥਿਤੀ ਦੀ ਨਿਗਰਾਨੀ, ਸ਼ੁਰੂਆਤੀ ਬਾਲ ਸਿੱਖਿਆ, ਖੇਡ ਦਾ ਅਰਥ, ਖੇਡ ਆਧਾਰਿਤ ਸਿੱਖਣ ਦੀਆਂ ਵਿਧੀਆਂ ਅਤੇ ਬੱਚਾ ਕੇਂਦਰਿਤ ਸਰਗਰਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ, ਤਾਂ ਜੋ ਬੱਚਿਆਂ ਨੂੰ ਸਿਹਤਮੰਦ ਅਤੇ ਸਿੱਖਿਆ ਪ੍ਰਾਪਤ ਬਣਾਇਆ ਜਾ ਸਕੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਰਨਾਲਾ ’ਚ ਕੁੱਲ 294 ਆਂਗਨਵਾੜੀ ਵਰਕਰਾਂ ਨੂੰ ਨਿਰਧਾਰਤ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਟ੍ਰੇਨਿੰਗ ਪ੍ਰੋਗਰਾਮਾਂ ਦੀ ਨਿਗਰਾਨੀ ਸਬੰਧਿਤ ਬਲਾਕ ਦੇ ਸੀਡੀਪੀਓ ਅਰਵਿੰਦ ਸਿੰਘ ਭੱਟੀ ਵੱਲੋਂ ਕਰਦੇ ਹੋਏ ਆਂਗਨਵਾੜੀ ਕਰਮਚਾਰੀਆਂ ਨੂੰ ਪੂਰੀ ਰੁਚੀ ਨਾਲ ਟ੍ਰੇਨਿੰਗ ਲੈਣ ਅਤੇ ਇਸ ਗਿਆਨ ਨੂੰ ਮੈਦਾਨੀ ਪੱਧਰ ’ਤੇ ਅਮਲ ’ਚ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਨਾਲ ਆਂਗਨਵਾੜੀ ਕੇਂਦਰਾਂ ਦੀ ਕਾਰਗੁਜ਼ਾਰੀ ’ਚ ਸੁਧਾਰ ਆਵੇਗਾ ਅਤੇ ਬੱਚਿਆਂ ਦੇ ਪੋਸ਼ਣ, ਸਿਹਤ ਅਤੇ ਸ਼ੁਰੂਆਤੀ ਸਿੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ, ਜਿਸ ਨਾਲ ਪੋਸ਼ਣ ਅਤੇ ਪੜ੍ਹਾਈ ਅਭਿਆਨ ਦੇ ਟੀਚਿਆਂ ਨੂੰ ਸਫਲਤਾਪੂਰਕ ਹਾਸਲ ਕੀਤਾ ਜਾ ਸਕੇਗਾ। ਇਸ ਮੌਕੇ ਭੁਪਿੰਦਰ ਕੌਰ ਜ਼ਿਲ੍ਹਾ ਕੋਆਡੀਨੇਟਰ, ਕਰਮਜੀਤ ਕੌਰ ਬਲਾਕ ਕੋਆਡੀਨੇਟਰ , ਜਗਤਾਰ ਸਿੰਘ ਪ੍ਰਥਮ ਸਿੱਖਿਆ ਜ਼ਿਲ੍ਹਾ ਕੋਆਡੀਨੇਟਰ, ਗੁਰਵਿੰਦਰ ਸਿੰਘ ਸਹਾਇਕ ਕੋਆਡੀਨੇਟਰ, ਗਿਆਨ ਕੌਰ, ਬਬਲੀ ਤੇ ਰਾਜਿੰਦਰ ਕੌਰ ਸੁਪਰਵਾਈਜ਼ਰ ਆਦਿ ਸ਼ਾਮਲ ਸਨ।