ਐਸਐਸਪੀ ਦਫ਼ਤਰ ਦਾ ਸੀਨੀਅਰ ਕਲਰਕ 10 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ, ਵਿਜੀਲੈਂਸ ਦਫ਼ਤਰ ਨੇ ਸ਼ਿਕਾਇਤਕਰਤਾ ਦੀ ਦਰਖਾਸਤ 'ਤੇ ਕੀਤੀ ਕਾਰਵਾਈ
ਵਿਜੀਲੈਂਸ ਵਿਭਾਗ ਬਰਨਾਲਾ ਨੇ ਐਸਐਸਪੀ ਦਫਤਰ ਵਿਖੇ ਇੱਕ ਸੀਨੀਅਰ ਕਲਰਕ ਨੂੰ 10,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ।
Publish Date: Fri, 06 Mar 2026 07:32 PM (IST)
Updated Date: Fri, 06 Mar 2026 07:36 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਬਰਨਾਲਾ : ਵਿਜੀਲੈਂਸ ਵਿਭਾਗ ਬਰਨਾਲਾ ਨੇ ਐਸਐਸਪੀ ਦਫਤਰ ਵਿਖੇ ਇੱਕ ਸੀਨੀਅਰ ਕਲਰਕ ਨੂੰ 10,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਮੱਖਣ ਸ਼ਾਹ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦਫਤਰ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਸ਼ਿਕਾਇਤ ਅਨੁਸਾਰ ਮੱਖਣ ਸ਼ਾਹ ਨੇ ਪੰਜਾਬ ਪੁਲਿਸ ਵਿੱਚ ਆਪਣੇ ਸੇਵਾ ਕਾਰਜ ਨੂੰ ਵਧਾਉਣ ਲਈ ਅਪਲਾਈ ਕੀਤਾ ਹੋਇਆ ਸੀ। ਇਸ ਸਬੰਧੀ ਫਾਈਲ ਨੂੰ ਅੱਗੇ ਤੋਰਨ ਲਈ ਜਦੋਂ ਉਹ ਐਸਐਸਪੀ ਦਫਤਰ ਬਰਨਾਲਾ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਨੂੰ ਮਿਲਿਆ ਤਾਂ ਉਹਨਾਂ ਉਸ ਦੀ ਫਾਇਲ ਨੂੰ ਅੱਗੇ ਭੇਜਣ ਦੇ ਬਦਲੇ ਵਿੱਚ ਮੱਖਣ ਸ਼ਾਹ ਕੋਲੋ 10 ਹਜਾਰ ਰੁਪਏ ਦੀ ਮੰਗ ਕੀਤੀ ਸੀ। ਇੰਸਪੈਕਟਰ ਗੁਰਮੇਲ ਸਿੰਘ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ਤੇ ਵਿਜੀਲੈਂਸ ਬਿਊਰੋ ਵੱਲੋਂ ਦਵਿੰਦਰ ਸਿੰਘ ਨੂੰ ਰੰਗੀ ਹੱਥ ਕਾਬੂ ਕਰਨ ਦੀ ਯੋਜਨਾ ਬਣਾਈ ਗਈ। ਜਿਸ ਦੇ ਤਹਿਤ ਮੱਖਣ ਸ਼ਾਹ ਨੂੰ ਕੈਮੀਕਲ ਯੁਕਤ ਨਗਦੀ ਦੇ ਕੇ ਦਵਿੰਦਰ ਸਿੰਘ ਨੂੰ ਦੇਣ ਲਈ ਭੇਜਿਆ ਗਿਆ। ਜਿਉਂ ਹੀ ਮੱਖਣ ਸ਼ਾਹ ਵੱਲੋਂ ਦਵਿੰਰ ਸਿੰਘ ਨੂੰ ਕੈਮੀਕਲ ਲਗਾਏ ਹੋਏ ਪੈਸੇ ਦਿੱਤੇ ਤਾਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਦਵਿੰਦਰ ਸਿੰਘ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਐਸਐਸਪੀ ਦਫਤਰ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।