ਵਾਈਐੱਸ ਸਕੂਲ ਵੱਲੋਂ ਵਿਸਾਖੀ ਬੂਮ ਸ਼ਾਨਦਾਰ ਪ੍ਰੋਗਰਾਮ ਕਰਵਾਇਆ
ਵਾਈਐਸ ਸਕੂਲ ਵੱਲੋਂ ‘ਵਿਸਾਖੀ ਬੂਮ’ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ
Publish Date: Wed, 15 Apr 2026 04:13 PM (IST)
Updated Date: Wed, 15 Apr 2026 04:15 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਾਈਐੱਸ ਪਬਲਿਕ ਸਕੂਲ ਜੋ ਭਾਰਤ ਦੇ ਟਾਪ 50 ਸਕੂਲਾਂ ’ਚ ਸ਼ਾਮਲ ਹੈ, ਵੱਲੋਂ ਸਕੂਲ ਕੈਂਪਸ ’ਚ ‘ਵਿਸਾਖੀ ਬੂਮ’ ਨਾਮਕ ਰੰਗਾਰੰਗ ਅਤੇ ਸਿੱਖਿਆਤਮਕ ਵਿਸਾਖੀ ਸਮਾਗਮ ਮਨਾਇਆ ਗਿਆ। ਇਸ ਸਮਾਗਮ ’ਚ ਪ੍ਰੀ-ਨਰਸਰੀ ਤੋਂ ਲੈ ਕੇ ਜਮਾਤ 12 ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸੱਭਿਆਚਾਰਕ ਸਰਗਰਮੀਆਂ ਦੇ ਨਾਲ ਵਿਦਿਆਰਥੀਆਂ ਨੂੰ ਜੀਵਨ ਨਾਲ ਜੁੜੀ ਸਿੱਖਿਆ ਵੀ ਦਿੱਤੀ ਗਈ। ਪ੍ਰੀ-ਨਰਸਰੀ ਤੋਂ ਜਮਾਤ ਦੂਸਰੀ ਤੱਕ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਪੰਜਾਬੀ ਰਿਵਾਇਤੀ ਲਿਬਾਸ ਪਹਿਨ ਕੇ ਸਮਾਗਮ ਦੀ ਰੌਣਕ ਵਧਾਈ। ਛੋਟੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਫਸਲ ਕਿਵੇਂ ਉਗਾਈ ਜਾਂਦੀ ਹੈ, ਕਣਕ ਦੀ ਕਟਾਈ ਕਿਵੇਂ ਕੀਤੀ ਜਾਂਦੀ ਹੈ, ਇਸ ਨੂੰ ਕਿਵੇਂ ਪੀਸ ਕੇ ਆਟਾ ਬਣਾਇਆ ਜਾਂਦਾ ਹੈ ਅਤੇ ਆਖ਼ਰਕਾਰ ਇਹ ਸਾਡੀ ਥਾਲੀ ਤੱਕ ਕਿਵੇਂ ਪਹੁੰਚਦਾ ਹੈ।
ਅਧਿਆਪਕਾਂ ਵੱਲੋਂ ਕਿਸਾਨਾਂ ਦੀ ਮਿਹਨਤ ਅਤੇ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ, ਤਾਂ ਜੋ ਵਿਦਿਆਰਥੀਆਂ ’ਚ ਕਿਸਾਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੋਵੇ। ਨਾਲ ਹੀ ਵਿਦਿਆਰਥੀਆਂ ਨੂੰ ਭੋਜਨ ਦੀ ਬਰਬਾਦੀ ਨਾ ਕਰਨ ਅਤੇ ਹਰ ਦਾਣੇ ਦੀ ਕਦਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਭੰਗੜਾ ਅਤੇ ਗਿੱਧਾ ਵਰਗੇ ਰਿਵਾਇਤੀ ਨਾਚ ਵੀ ਪੇਸ਼ ਕੀਤੇ ਗਏ, ਜਿਸ ਨਾਲ ਪੂਰੇ ਸਕੂਲ ’ਚ ਖੁਸ਼ੀ ਅਤੇ ਤਿਉਹਾਰ ਦਾ ਮਾਹੌਲ ਬਣ ਗਿਆ। ਸਾਰੇ ਵਿਦਿਆਰਥੀਆਂ ਨੇ ਇਸ ਸਮਾਗਮ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਸਕੂਲ ਦੇ ਪ੍ਰਿੰਸਿਪਲ ਮੋਹਿਤ ਜਿੰਦਲ ਨੇ ਕਿਹਾ, ‘ਵਿਸਾਖੀ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਇਹ ਸਾਡੇ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ, ਸੱਭਿਆਚਾਰ ਅਤੇ ਖੇਤੀਬਾੜੀ ਦੇ ਮਹੱਤਵ ਨਾਲ ਜੋੜਦੀ ਹੈ। ‘ਵਿਸਾਖੀ ਬੂਮ’ ਰਾਹੀਂ ਅਸੀਂ ਵਿਦਿਆਰਥੀਆਂ ’ਚ ਕਿਸਾਨਾਂ ਪ੍ਰਤੀ ਸਤਿਕਾਰ ਅਤੇ ਭੋਜਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਚਾਹੁੰਦੇ ਹਾਂ। ਸਮਾਗਮ ਦਾ ਸਮਾਪਨ ਖੁਸ਼ੀ ਅਤੇ ਉਤਸ਼ਾਹ ਨਾਲ ਹੋਇਆ, ਜਿਸ ਨਾਲ ਵਿਦਿਆਰਥੀ ਗਿਆਨ ਅਤੇ ਸੱਭਿਆਚਾਰਕ ਮੁੱਲਾਂ ਨਾਲ ਭਰਪੂਰ ਹੋ ਕੇ ਘਰ ਵਾਪਸ ਗਏ।