- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਵਾਈਸੀ ਨਾ ਹੋਣ ਕਾਰਨ ਜ਼ਿਲ੍ਹੇ ਦੇ ਕਰੀਬ ਇਕ ਲੱਖ ਲੋਕਾਂ ਨੂੰ ਫਰਵਰੀ ’ਚ ਨਹੀਂ ਮਿਲੇਗਾ ਰਾਸ਼ਨ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ’ਚ ਆਟਾ-ਦਾਲ ਕਾਰਡਧਾਰਕਾਂ ਲਈ ਫਰਵਰੀ ਮਹੀਨੇ ਜਾਰੀ ਹੋਣ ਵਾਲੀ ਸਰਕਾਰੀ ਐਲੋਕੇਸ਼ਨ ਵੱਡੀ ਗਿਣਤੀ ਵਿੱਚ ਲੋਕਾਂ ਤਕ ਨਹੀਂ ਪਹੁੰਚ ਸਕੇਗੀ। ਇਸ ਦਾ ਮੁੱਖ ਕਾਰਨ ਬਹੁਤ ਸਾਰੇ ਲਾਭਪਾਤਰੀਆਂ ਦੀ ਕੇਵਾਈਸੀ ਪ੍ਰਕਿਰਿਆ ਦਾ ਹਾਲੇ ਤਕ ਪੂਰਾ ਨਾ ਹੋਣਾ ਹੈ। ਪ੍ਰਸ਼ਾਸਨਕ ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿੱਚ ਕੁੱਲ ਕਰੀਬ ਦੋ ਲੱਖ ਆਟਾ-ਦਾਲ ਕਾਰਡ ਚੱਲ ਰਹੇ ਹਨ, ਪਰ ਇਨ੍ਹਾਂ ਵਿੱਚੋਂ ਹੁਣ ਤਕ ਸਿਰਫ਼ ਲਗਭਗ 1.80 ਲੱਖ ਕਾਰਡਾਂ ਦੀ ਹੀ ਕੇਵਾਈਸੀ ਪੂਰੀ ਹੋਈ ਹੈ। ਬਾਕੀ ਕਰੀਬ 20 ਹਜ਼ਾਰ ਕਾਰਡ ਅਜੇ ਵੀ ਅਜਿਹੇ ਹਨ, ਜਿਨ੍ਹਾਂ ਦੀ ਕੇਵਾਈਸੀ ਨਹੀਂ ਕਰਵਾਈ ਗਈ। ਸਰਕਾਰੀ ਰੂਲਾਂ ਅਨੁਸਾਰ ਇੱਕ ਆਟਾ-ਦਾਲ ਕਾਰਡ ’ਤੇ ਔਸਤਨ ਪੰਜ ਮੈਂਬਰ ਦਰਜ ਮੰਨੇ ਜਾਂਦੇ ਹਨ। ਇਸ ਤਰ੍ਹਾਂ ਜੇ 20 ਹਜ਼ਾਰ ਕਾਰਡਾਂ ਦੀ ਕੇਵਾਈਸੀ ਲੰਬਿਤ ਹੈ ਤਾਂ ਇਸ ਦਾ ਸਿੱਧਾ ਅਸਰ ਕਰੀਬ ਇਕ ਲੱਖ ਲੋਕਾਂ ‘ਤੇ ਪੈਂਦਾ ਹੈ। ਇਹ ਸਾਰੇ ਲੋਕ ਫਰਵਰੀ ਵਿੱਚ ਜਾਰੀ ਹੋਣ ਵਾਲੀ ਕਣਕ ਦੀ ਐਲੋਕੇਸ਼ਨ ਦਾ ਲਾਭ ਨਹੀਂ ਲੈ ਸਕਣਗੇ। ਇਸ ਨਾਲ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਸਾਹਮਣੇ ਖਾਦ ਪਦਾਰਥਾਂ ਦਾ ਸੰਕਟ ਪੈਦਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਕੇਂਦਰ ਤੇ ਰਾਜ ਸਰਕਾਰ ਵੱਲੋਂ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਦੇ ਤਹਿਤ ਕਣਕ ਅਤੇ ਹੋਰ ਲੋੜੀਂਦੇ ਖਾਦ ਪਦਾਰਥ ਮੁਹੱਈਆ ਕਰਵਾਏ ਜਾਂਦੇ ਹਨ। ਇਸ ਲਈ ਸਰਕਾਰ ਨੇ ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਹੈ ਤਾਂ ਜੋ ਫ਼ਰਜ਼ੀ ਅਤੇ ਡੁਪਲੀਕੇਟ ਕਾਰਡਾਂ ਨੂੰ ਹਟਾਇਆ ਜਾ ਸਕੇ ਅਤੇ ਅਸਲ ਲੋੜਵੰਦਾਂ ਨੂੰ ਹੀ ਲਾਭ ਮਿਲੇ। ਹਾਲਾਂਕਿ ਜਾਗਰੂਕਤਾ ਦੀ ਕਮੀ, ਤਕਨੀਕੀ ਸਮੱਸਿਆਵਾਂ ਅਤੇ ਸਮੇਂ ਸਿਰ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਕਾਰਡਧਾਰਕ ਅਜੇ ਵੀ ਕੇਵਾਈਸੀ ਤੋਂ ਵੰਝਿਤ ਰਹਿ ਗਏ ਹਨ। ਖਾਦ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਵਾਈਸੀ ਨਾ ਹੋਣ ਦੀ ਸਥਿਤੀ ’ਚ ਸਬੰਧਤ ਕਾਰਡ ਆਪਣੇ ਆਪ ਹੀ ਐਲੋਕੇਸ਼ਨ ਤੋਂ ਬਾਹਰ ਹੋ ਜਾਂਦੇ ਹਨ। ਅਜਿਹੇ ਕਾਰਡਾਂ ‘ਤੇ ਕਣਕ ਜਾਰੀ ਨਹੀਂ ਕੀਤੀ ਜਾ ਸਕਦਾ। ਵਿਭਾਗ ਵੱਲੋਂ ਕਈ ਵਾਰ ਸੂਚਨਾ ਜਾਰੀ ਕਰ ਕੇ ਕਾਰਡਧਾਰਕਾਂ ਨੂੰ ਨੇੜਲੇ ਰਾਸ਼ਨ ਡਿਪੋ ਜਾਂ ਸੇਵਾ ਕੇਂਦਰ ’ਤੇ ਜਾ ਕੇ ਕੇਵਾਈਸੀ ਕਰਵਾਉਣ ਲਈ ਕਿਹਾ ਗਿਆ, ਪਰ ਇਸ ਦੇ ਬਾਵਜੂਦ ਬਹੁਤੇ ਕਾਰਡ ਧਾਰਕਾਂ ਨੇ ਆਪਣੀ ਕੇਵਾਈਸੀ ਨਹੀ ਕਰਵਾਈ। ਦਿਹਾਤੀ ਖੇਤਰਾਂ ਵਿੱਚ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੇਵਾਈਸੀ ਦੀ ਆਖ਼ਰੀ ਤਾਰੀਖ ਬਾਰੇ ਸਹੀ ਜਾਣਕਾਰੀ ਨਹੀਂ ਮਿਲੀ। ਕੁਝ ਬਜ਼ੁਰਗ ਅਤੇ ਮਜ਼ਦੂਰ ਵਰਗ ਦੇ ਲੋਕ ਆਧਾਰ ਕਾਰਡ, ਮੋਬਾਈਲ ਨੰਬਰ ਜਾਂ ਬਾਇਓਮੈਟ੍ਰਿਕ ਸਮੱਸਿਆਵਾਂ ਕਾਰਨ ਪ੍ਰੀਕ੍ਰਿਆ ਪੂਰੀ ਨਹੀਂ ਕਰ ਸਕੇ। ਇਸ ਤੋਂ ਇਲਾਵਾ ਕੁਝ ਪਰਿਵਾਰ ਕੰਮਕਾਜ ਦੇ ਸਿਲਸਿਲੇ ਵਿੱਚ ਬਾਹਰ ਰਹਿੰਦੇ ਹਨ, ਜਿਸ ਕਾਰਨ ਸਮੇਂ ਸਿਰ ਕੇਵਾਈਸੀ ਨਹੀਂ ਹੋ ਸਕੀ। ਜੇਕਰ ਜਲਦੀ ਹੀ ਬਾਕੀ ਕਾਰਡਾਂ ਦੀ ਕੇਵਾਈਸੀ ਨਹੀਂ ਕਰਵਾਈ ਗਈ, ਤਾਂ ਆਉਣ ਵਾਲੇ ਮਹੀਨਿਆਂ ਵਿੱਚ ਵੀ ਇਹ ਲੋਕ ਸਰਕਾਰੀ ਰਾਸ਼ਨ ਤੋਂ ਵਾਂਝੇ ਰਹਿ ਸਕਦੇ ਹਨ। ਇਸ ਨਾਲ ਨਾ ਸਿਰਫ਼ ਪਰਿਵਾਰਾਂ ਦੀ ਆਰਥਿਕ ਹਾਲਤ ‘ਤੇ ਅਸਰ ਪਵੇਗਾ, ਸਗੋਂ ਖਾਦ ਸੁਰੱਖਿਆ ਵੀ ਪ੍ਰਭਾਵਿਤ ਹੋਵੇਗੀ।
ਪ੍ਰਸ਼ਾਸਨ ਨੇ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਾਰਡ ਧਾਰਕਾਂ ਦੀ ਕੇਵਾਈਸੀ ਬਾਕੀ ਹੈ, ਉਹ ਜਲਦੀ ਤੋਂ ਜਲਦੀ ਆਪਣੇ ਦਸਤਾਵੇਜ਼ ਪੂਰੇ ਕਰਕੇ ਸਬੰਧਤ ਕੇਂਦਰਾਂ ਨਾਲ ਸੰਪਰਕ ਕਰਨ ਤਾਂ ਜੋ ਭਵਿੱਖ ਦੀ ਐਲੋਕੇਸ਼ਨ ਤੋਂ ਬਾਹਰ ਨਾ ਰਹਿਣ। ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਜ਼ਿਲ੍ਹੇ ਦੇ ਕਰੀਬ ਇੱਕ ਲੱਖ ਲੋਕਾਂ ਨੂੰ ਫਰਵਰੀ ਤੋਂ ਬਾਅਦ ਵੀ ਇਸ ਯੋਜਨਾ ਦਾ ਲਾਭ ਮਿਲਣਾ ਮੁਸ਼ਕਲ ਹੋ ਸਕਦਾ ਹੈ। ਜ਼ਿਕਰਯੋਗ ਕਿ ਬਹੁਤ ਕਾਰਡ ਧਾਰਕਾਂ ਦੀ ਸਰਕਾਰ ਤੋਂ ਮਿਲਣ ਵਾਲੀ ਕਣਕ ’ਤੇ ਹੀ ਟੇਕ ਰਹਿੰਦੀ ਹੈ ਪਰ ਕੇਵਾਈਸੀ ਨਾਂ ਹੋਣ ਕਾਰਨ ਫਰਵਰੀ ਮਹੀਨੇ ਉਨ੍ਹਾਂ ਸਰਕਾਰ ਤੋਂ ਮਿਲਣ ਵਾਲੇ ਰਾਸ਼ਨ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ।